ਲੁਧਿਆਣਾ ਨੇੜੇ ਦਰਦਨਾਕ ਸੜਕ ਹਾਦਸਾ, ਮਹਿਲਾ ASP ਦੀ ਮੌਤ

ਪੰਜਾਬ ਦੇ ਲੁਧਿਆਣਾ ਦੇ ਨਜ਼ਦੀਕੀ ਇਲਾਕੇ ਹੰਬੜਾ ਵਿੱਚ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਡਾਕ ਵਿਭਾਗ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਵਿਤਾ ਵਜੋਂ ਹੋਈ ਹੈ, ਜੋ ਬਹਾਦਰਕੇ ਰੋਡ ਦੀ ਰਹਿਣ ਵਾਲੀ ਸੀ ਅਤੇ ਡਾਕ ਵਿਭਾਗ ਵਿੱਚ ਸਹਾਇਕ ਪੋਸਟ ਸੁਪਰਿੰਟੈਂਡੈਂਟ (ASP) ਦੇ ਅਹੁਦੇ ‘ਤੇ ਤਾਇਨਾਤ ਸੀ।

ਜਾਣਕਾਰੀ ਮੁਤਾਬਕ ਰਵਿਤਾ ਆਪਣੇ ਸਾਥੀ ਕਰਮਚਾਰੀ ਆਕਾਸ਼ਦੀਪ ਸਿੰਘ ਨਾਲ ਮੋਟਰਸਾਈਕਲ ‘ਤੇ ਜਗਰਾਉਂ ਵੱਲ ਡਿਊਟੀ ਲਈ ਜਾ ਰਹੀ ਸੀ। ਜਿਵੇਂ ਹੀ ਉਹ ਹੰਬੜਾ ਇਲਾਕੇ ਵਿੱਚ ਸਥਿਤ HDFC ਬੈਂਕ ਨੇੜੇ ਪਹੁੰਚੇ ਤਾਂ ਇੱਕ ਵਿਅਕਤੀ ਅਚਾਨਕ ਸੜਕ ਪਾਰ ਕਰਨ ਲੱਗ ਪਿਆ, ਜਿਸ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ।

ਟੱਕਰ ਤੋਂ ਬਾਅਦ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਪਿੱਛੇ ਬੈਠੀ ਰਵਿਤਾ ਸੜਕ ‘ਤੇ ਡਿੱਗ ਪਈ। ਇਸ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰਵਿਤਾ ਆਪਣੀ ਇਕਲੌਤੀ ਧੀ ਦੀ ਇਕੱਲਿਆਂ ਪਰਵਰਿਸ਼ ਕਰ ਰਹੀ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਹੰਬੜਾ ਪੁਲਿਸ ਚੌਕੀ ਦੇ ਇੰਚਾਰਜ ਪ੍ਰੀਤਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸਾਗ੍ਰਸਤ ਟਰੱਕ ਨੂੰ ਜ਼ਬਤ ਕਰ ਲਿਆ ਹੈ।

ਪੁਲਿਸ ਵੱਲੋਂ HDFC ਬੈਂਕ ਦੇ ਬਾਹਰ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।