ਡੇਰਾਬੱਸੀ ‘ਚ ਅੱਧੀ ਰਾਤ ਹਥਿਆਰਬੰਦ ਨੌਜਵਾਨਾਂ ਦਾ ਹੰਗਾਮਾ, ਦੁਕਾਨ ‘ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼; CCTV ਦੇ ਆਧਾਰ ‘ਤੇ ਜਾਂਚ ਸ਼ੁਰੂ

ਡੇਰਾਬੱਸੀ (ਅਰਸ਼ਦੀਪ ਸਿੰਘ ਕਾਲੜਾ)  :- ਡੇਰਾਬੱਸੀ ਦੇ ਰਾਮਲੀਲਾ ਗਰਾਊਂਡ ਨੇੜੇ ਬੀਤੀ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਰੀਬ 25 ਤੋਂ 30 ਨੌਜਵਾਨ ਕਥਿਤ ਤੌਰ ‘ਤੇ ਤਲਵਾਰਾਂ, ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਦੁਕਾਨ ‘ਤੇ ਪਹੁੰਚੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਦੁਕਾਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ ਅਤੇ ਉਨ੍ਹਾਂ ਨੇ ਬਿਜਲੀ ਦੇ ਮੀਟਰ ਤੋੜਣ ਦੇ ਨਾਲ-ਨਾਲ ਟਰੈਕਟਰ ਦੀ ਮਦਦ ਨਾਲ ਦੁਕਾਨ ਅੱਗੇ ਖੜ੍ਹੇ ਵਾਹਨਾਂ ਨੂੰ ਘਸੀਟ ਕੇ ਹਟਾ ਦਿੱਤਾ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ।

ਸ਼ਿਕਾਇਤਕਰਤਾ ਈਸ਼ਵਰ ਦਾਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸਨ। ਉਨ੍ਹਾਂ ਮੁਤਾਬਕ ਟਰੈਕਟਰ ਨਾਲ ਗੱਡੀਆਂ ਖਿੱਚਣ ਦੌਰਾਨ ਇੱਕ ਕਾਰ ਲੋਹੇ ਦੀ ਗ੍ਰਿੱਲ ਨਾਲ ਟਕਰਾ ਗਈ, ਜਿਸ ਕਾਰਨ ਉਸ ਨੂੰ ਭਾਰੀ ਨੁਕਸਾਨ ਪਹੁੰਚਿਆ।

ਪੀੜਤ ਪੱਖ ਦਾ ਇਹ ਵੀ ਦੋਸ਼ ਹੈ ਕਿ ਹਮਲਾਵਰਾਂ ਨੇ ਰਸਤੇ ਵਿੱਚ ਲੰਘ ਰਹੇ ਲੋਕਾਂ ਨੂੰ ਵੀ ਹਥਿਆਰਾਂ ਦੇ ਜ਼ੋਰ ‘ਤੇ ਧਮਕਾਇਆ। ਇਲਾਕੇ ਦੀ ਸੁਰੱਖਿਆ ਲਈ ਤਾਇਨਾਤ ਚੌਕੀਦਾਰ ਨੂੰ ਵੀ ਕਥਿਤ ਤੌਰ ‘ਤੇ ਬੰਧਕ ਬਣਾਕੇ ਚੁੱਪ ਰਹਿਣ ਲਈ ਧਮਕੀਆਂ ਦਿੱਤੀਆਂ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਸੂਚਨਾ ਮਿਲਣ ‘ਤੇ ਡੇਰਾਬੱਸੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਅਤੇ ਉਪਲਬਧ ਸਬੂਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।