
Skip to content

ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਦਾ ਜ਼ੋਰ, ਪਠਾਨਕੋਟ ‘ਚ 8 ਫੁੱਟ ਪਾਣੀ ‘ਚ ਫਸੀ ਸ਼ਰਧਾਲੂਆਂ ਦੀ ਬੱਸ, 55 ਯਾਤਰੀ ਬਚਾਏ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਜਲਭਰਾਅ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸੇ ਦੌਰਾਨ ਪਠਾਨਕੋਟ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਿੱਥੇ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਸੈਲਾਨੀ ਬੱਸ ਰੇਲਵੇ ਅੰਡਰਪਾਸ ਹੇਠਾਂ ਕਰੀਬ 8 ਫੁੱਟ ਪਾਣੀ ਵਿੱਚ ਫਸ ਗਈ।
ਬੱਸ ਵਿੱਚ ਕੁੱਲ 55 ਯਾਤਰੀ, ਜਿਨ੍ਹਾਂ ਵਿੱਚ 13 ਬੱਚੇ ਵੀ ਸ਼ਾਮਲ ਸਨ, ਸਵਾਰ ਸਨ। ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਯਾਤਰੀਆਂ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ (SSF), ਪੁਲਿਸ ਅਤੇ ਸਥਾਨਕ ਨੌਜਵਾਨਾਂ ਨੇ ਸਾਂਝੇ ਤੌਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸਾਰੇ 55 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਰਿੱਬਾ ਇਲਾਕੇ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਈ ਵਾਹਨ ਮਲਬੇ ਹੇਠਾਂ ਦੱਬ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਦਰਮਿਆਨ ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਪੰਜ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਇਸ ਸਾਲ ਮਾਨਸੂਨ 1 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਪਹੁੰਚਿਆ, ਜੋ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ 9 ਦਿਨ ਅਤੇ ਚੰਡੀਗੜ੍ਹ ਵਿੱਚ 7 ਦਿਨ ਦੇਰੀ ਨਾਲ ਪਹੁੰਚਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਮੌਸਮ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।

Related