ਚੰਡੀਗੜ੍ਹ | ਅਮਿਤ ਨਖਵਾਲ: ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਦੇ ਨਾਮ ਅਤੇ ਪਛਾਣ ਦੀ ਵਰਤੋਂ ਕਰਕੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਰਜ਼ੀ ਫੇਸਬੁੱਕ ਅਕਾਊਂਟ ਬਣਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਆਈਜੀ ਚਾਹਲ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਰਾਹੀਂ ਜਨਤਾ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਸਪੱਸ਼ਟ ਕੀਤਾ ਕਿ ਇਸ ਫਰਜ਼ੀ ਅਕਾਊਂਟ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਅਕਾਊਂਟ ਤੋਂ ਫ੍ਰੈਂਡ ਰਿਕਵੇਸਟ, ਮੈਸੇਜ, ਪੈਸਿਆਂ ਦੀ ਮੰਗ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸੰਪਰਕ ਕੀਤਾ ਜਾਂਦਾ ਹੈ, ਤਾਂ ਉਸ ‘ਤੇ ਬਿਲਕੁਲ ਵੀ ਭਰੋਸਾ ਨਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕੋਈ ਵੀ ਨਿੱਜੀ ਜਾਂ ਬੈਂਕਿੰਗ ਸਬੰਧੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ ਅਤੇ ਤੁਰੰਤ ਇਸ ਫਰਜ਼ੀ ਫੇਸਬੁੱਕ ਅਕਾਊਂਟ ਦੀ ਰਿਪੋਰਟ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਨੂੰ ਵੀ ਇਸ ਬਾਰੇ ਸੁਚੇਤ ਕੀਤਾ ਜਾਵੇ।

ਡੀਆਈਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਦੀ ਪਛਾਣ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਡੀਆਈਜੀ ਦੀ ਪੋਸਟ ‘ਤੇ ਕਈ ਲੋਕਾਂ ਨੇ ਆਪਣੀਆਂ ਪ੍ਰਤੀਕ੍ਰਿਆਵਾਂ ਵੀ ਦਿੱਤੀਆਂ। ਇੱਕ ਉਪਭੋਗਤਾ ਪੂਜਾ ਘਈ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਉਸ ਨੂੰ ਵੀ ਇਸ ਫਰਜ਼ੀ ਆਈਡੀ ਤੋਂ ਸੁਨੇਹਾ ਪ੍ਰਾਪਤ ਹੋਇਆ ਸੀ, ਪਰ ਉਸ ਨੇ ਤੁਰੰਤ ਸਮਝ ਲਿਆ ਕਿ ਇਹ ਜਾਅਲੀ ਖਾਤਾ ਹੈ।

ਰਿਪੋਰਟ: ਅਮਿਤ ਨਖਵਾਲ