ਅਮਿਤ ਨਖਵਾਲ (ਬਿਹਾਰ): ਬਿਹਾਰ ਦੇ ਬਗਾਹਾ ਜ਼ਿਲ੍ਹੇ ਵਿੱਚ ਅਪਰਾਧੀਆਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆਏ ਹਨ। ਰਾਮਨਗਰ ਥਾਣਾ ਖੇਤਰ ਵਿੱਚ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਗਾਹਕ ਸੇਵਾ ਪੁਆਇੰਟ (CSP) ਆਪਰੇਟਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਕਰੀਬ 6 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਦੀ ਪਛਾਣ ਨਿਰਭੈ ਸਿੰਘ, ਵਾਸੀ ਭਵਾਲ, ਵਜੋਂ ਹੋਈ ਹੈ, ਜੋ ਇੱਕ CSP ਸੈਂਟਰ ਚਲਾਉਂਦਾ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਉਹ ਰਾਮਨਗਰ ਦੇ ਇੱਕ ਬੈਂਕ ਤੋਂ ਕਰੀਬ 6 ਲੱਖ ਰੁਪਏ ਕੱਢ ਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਜਦੋਂ ਉਹ ਰਾਮਨਗਰ-ਭਵਾਲ ਮੁੱਖ ਸੜਕ ‘ਤੇ ਇਮਲੀਹਵਾ ਟੋਲਾ ਨੇੜੇ ਪਹੁੰਚਿਆ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਥਿਆਰਬੰਦ ਅਪਰਾਧੀਆਂ ਨੇ ਉਸ ਨੂੰ ਰੋਕ ਲਿਆ।

ਪੀੜਤ ਦੇ ਦੋਸ਼ਾਂ ਮੁਤਾਬਕ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਉਸ ਨੂੰ ਧਮਕਾਇਆ ਅਤੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਕੁਝ ਹੀ ਪਲਾਂ ਵਿੱਚ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਅਤੇ ਹੋਰ ਸਬੂਤਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਰਿਪੋਰਟ: ਅਮਿਤ ਨਖਵਾਲ