ਫਿਰੋਜਪੁਰ ( ਜਤਿੰਦਰ ਪਿੰਕਲ ) ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫਿਰੋਜਪੁਰ ਵੱਲੋਂ ਐਸ ਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਵਿਖੇ ਫੁੱਟਬਾਲ ਨਾਲ ਸਬੰਧਿਤ ਕੋਚਾਂ ਨੂੰ ਟ੍ਰੇਨਿੰਗ ਦੇਣ ਲਈ 6 ਰੋਜ਼ਾ ਡੀ- ਲਾਈਸੰਸ ਕੋਰਸ ਸ਼ਾਨੋਸ਼ੌਕਤ ਨਾਲ ਸਮਾਪਿਤ ਹੋਇਆ । ਕੈਂਪ ਦੇ ਸਮਾਪਨ ਤੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਹਰਜੀਤ ਸਿੰਘ ਗਿੱਲ, ਵਾਈਸ ਪ੍ਰਧਾਨ ਸ੍ਰ ਕੰਵਲਜੀਤ ਸਿੰਘ ਗਿੱਲ,ਸਕੱਤਰ ਗੁਰਇੰਦਰ ਸਿੰਘ ਬਰਾੜ,ਖਜਾਨਚੀ ਸ੍ਰ ਗੁਰਮੀਤ ਸਿੰਘ ਮੁਦਕੀ ਵੱਲੋਂ ਸਾਂਝੇ ਤੌਰ ਤੇ ਕੈਂਪ ਵਿੱਚ ਸ਼ਾਮਿਲ ਸਾਰੇ ਕੋਚਾਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਮਾਨਤਾ ਪ੍ਰਾਪਤ ਕੋਚ ਬਣਨ ਤੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਫੁੱਟਬਾਲ ਖੇਡ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਕੈਂਪ ਵਿੱਚ ਕੋਚਾਂ ਨੂੰ ਖੇਡ ਨਾਲ ਸਬੰਧਤ ਬਰੀਕੀਆਂ ਬਾਰੇ ਥਿਊਰੀ ਅਤੇ ਪ੍ਰੈਕਟਿਕਲ ਟ੍ਰੇਨਿੰਗ ਦੇਣ ਲਈ ਹਰਦੀਪ ਸਿੰਘ ਸੈਣੀ ਟੈਕਨੀਕਲ ਇੰਸਟਰਕਟਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਇਹ ਜਿੰਮੇਵਾਰੀ ਅਤੇ ਸਹਿਯੋਗ ਦੇਣ ਲਈ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਐਡੀਸ਼ਨਲ ਸੈਕਟਰੀ ਸ਼੍ਰੀ ਵਿਜੇ ਬਾਲੀ ਅਤੇ ਸੈਕਟਰੀ ਹਰਜਿੰਦਰ ਸਿੰਘ ਜੱਗਾ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਦਾਰ ਸੁਖਜੀਤ ਸਿੰਘ ਕੋਆਰਡੀਨੇਟਰ ਅਤੇ ਅੰਗਰੇਜ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿੰਨਾ ਨੇ ਸਾਰੇ ਆਏ ਹੋਏ ਕੋਚਾਂ ਅਤੇ ਪ੍ਰਬੰਧਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਸਾਂਭਿਆ।ਇਸ ਕੈਂਪ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ 16 ਲੜਕੇ ਅਤੇ ਛੇ ਲੜਕੀਆਂ ਨੇ ਟ੍ਰੇਨਿੰਗ ਹਾਸਿਲ ਕੀਤੀ।ਆਖਰੀ ਦਿਨ ਲਿਖਤੀ ਪੇਪਰ ਵੀ ਲਿਆ ਗਿਆ ਉਹ ਪਾਸ ਕਰਨ ਤੇ ਹੁਣ ਕੈਂਡੀਡੇਟ ਨੂੰ ਏਆਈਐਫਐਫ ਵੱਲੋਂ ਡੀ ਲਾਈਸੰਸ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ।