ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਸਾਂਝ ਕੇਂਦਰ ਡਵੀਜ਼ਨ ਨੰਬਰ 5 ਅਧੀਨ ਪਾਸਪੋਰਟ ਇਨਕੁਆਰੀ ਦਾ ਕੰਮ ਸੰਭਾਲਣ ਵਾਲੇ ਇੱਕ ਕਰਮਚਾਰੀ ਦੇ ਰਵੱਈਏ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਉਕਤ ਕਰਮਚਾਰੀ ਲੋਕਾਂ ਨਾਲ ਸਹਿਯੋਗੀ ਰਵੱਈਆ ਅਪਣਾਉਣ ਦੀ ਬਜਾਏ ਉਨ੍ਹਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕਰਦਾ ਹੈ, ਜਿਸ ਕਾਰਨ ਪਾਸਪੋਰਟ ਬਣਵਾਉਣ ਵਾਲੇ ਨਾਗਰਿਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀੜਤ ਲੋਕਾਂ ਦਾ ਕਹਿਣਾ ਹੈ ਕਿ ਕਰਮਚਾਰੀ ਵੱਲੋਂ ਕਈ ਪਾਸਪੋਰਟ ਕੇਸਾਂ ਦੀ ਇਨਕੁਆਰੀ ਦੋ-ਦੋ ਮਹੀਨੇ ਤੱਕ ਨਹੀਂ ਕੀਤੀ ਜਾਂਦੀ ਅਤੇ ਫਾਈਲਾਂ ਨੂੰ ਜਾਣਬੁੱਝ ਕੇ ਪੈਂਡਿੰਗ ਰੱਖਿਆ ਜਾਂਦਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕੰਮ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਆਮ ਨਾਗਰਿਕ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦੇ ਹਨ।

ਨੌਜਵਾਨਾਂ, ਵਿਦਿਆਰਥੀਆਂ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਕਰਮਚਾਰੀ ਦੇ ਅੜੀਅਲ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਉਨ੍ਹਾਂ ਦੇ ਪਾਸਪੋਰਟ ਸਮੇਂ ਸਿਰ ਨਹੀਂ ਬਣ ਰਹੇ। ਕਈ ਲੋਕਾਂ ਨੂੰ ਵਾਰ-ਵਾਰ ਸਾਂਝ ਕੇਂਦਰ ਅਤੇ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਤੇਜ਼ ਅਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਦਾਅਵੇ ਕਰਦੀ ਹੈ, ਪਰ ਕੁਝ ਕਰਮਚਾਰੀਆਂ ਦੀ ਮਨਮਰਜ਼ੀ ਕਾਰਨ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਕਰਮਚਾਰੀ ਦੇ ਕੰਮਕਾਜ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

🚨 ਸਾਂਝ ਕੇਂਦਰ ਡਵੀਜ਼ਨ ਨੰਬਰ 5 ਦਾ ਕਰਮਚਾਰੀ ਬਣਿਆ ਲੋਕਾਂ ਲਈ ਸਿਰਦਰਦ!