ਮੋਹਾਲੀ ਵਿੱਚ ਗਰਮੀ ਦੇ ਮੌਸਮ ਦੌਰਾਨ ਏਅਰ ਕੰਡੀਸ਼ਨਰ ਚੋਰੀ ਕਰਨ ਵਾਲੇ ਗਿਰੋਹ ਦੀਆਂ ਸਰਗਰਮੀਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋ ਤੋਂ ਤਿੰਨ ਵਿਅਕਤੀਆਂ ਦਾ ਇੱਕ ਗਿਰੋਹ ਆਟੋ ਰਿਕਸ਼ਾ ਵਿੱਚ ਆਉਂਦਾ ਹੈ ਅਤੇ ਘਰਾਂ ਦੇ ਬਾਹਰ ਲੱਗੇ ਮਹਿੰਗੇ ਏਸੀ ਯੂਨਿਟਾਂ ਨੂੰ ਬੇਖੌਫ਼ ਹੋ ਕੇ ਉਤਾਰ ਕੇ ਫਰਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਤਾਜ਼ਾ ਮਾਮਲਾ ਮੋਹਾਲੀ ਦੇ ਇੱਕ ਕਾਰੋਬਾਰੀ ਨਾਲ ਸਬੰਧਤ ਹੈ, ਜਿਸ ਦੇ ਘਰ ਦੇ ਬਾਹਰ ਲੱਗਾ ਏਸੀ ਚੋਰ ਦਿਨ ਦਿਹਾੜੇ ਉਤਾਰ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਚੋਰ ਆਟੋ ਰਿਕਸ਼ਾ ਵਿੱਚ ਆਏ ਅਤੇ ਕੁਝ ਹੀ ਮਿੰਟਾਂ ਵਿੱਚ ਏਸੀ ਯੂਨਿਟ ਨੂੰ ਖੋਲ੍ਹ ਕੇ ਆਪਣੇ ਨਾਲ ਲੈ ਗਏ।