ਨਾਭਾ, 7 ਨਵੰਬਰ (ਅਮਨ ਗਰਗ):ਦੀਵਾਲੀ ਦੇ ਸ਼ੁਭ ਤਿਹਾਰ ਦੇ ਮੌਕੇ ‘ਤੇ ਪ੍ਰਸਿੱਧ ਸਮਾਜ ਸੇਵਕ ਬੀਬੀ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਬੀਬੀ ਪਰਮਜੀਤ ਕੌਰ ਦੀ ਅਗਵਾਈ ਹੇਠ ਇਕੱਠੀ ਹੋਈ ਟੀਮ ਨੇ ਇਲਾਕੇ ਦੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਘਰ-ਘਰ ਜਾ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਟੀਮ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਮਠਿਆਈਆਂ ਦੇ ਡੱਬੇ ਵੰਡੇ ਗਏ। ਇਸ ਤੋਂ ਇਲਾਵਾ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਰ ਵੀ ਕਈ ਜ਼ਰੂਰੀ ਚੀਜ਼ਾਂ ਅਤੇ ਰਾਸ਼ਨ ਸਮੱਗਰੀ ਉਨ੍ਹਾਂ ਨੂੰ ਭੇਟ ਕੀਤੀ ਗਈ, ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਨਾਲ ਇਹ ਪਵਿੱਤਰ ਤਿਉਹਾਰ ਖੁਸ਼ੀ-ਖੁਸ਼ੀ ਮਨਾ ਸਕਣ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਕ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਤਿਉਹਾਰਾਂ ਦਾ ਅਸਲੀ ਮਕਸਦ ਆਪਸੀ ਪਿਆਰ ਵਧਾਉਣਾ ਅਤੇ ਕਿਸੇ ਲੋੜਵੰਦ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਥੋੜ੍ਹੇ ਜਿਹੇ ਯਤਨ ਨਾਲ ਕਿਸੇ ਗਰੀਬ ਦੇ ਘਰ ਦੀਵਾਲੀ ਦਾ ਦੀਵਾ ਜਗਦਾ ਹੈ, ਤਾਂ ਸਾਡੀ ਦੀਵਾਲੀ ਸਫਲ ਹੋ ਜਾਂਦੀ ਹੈ। ਇਸ ਮੌਕੇ ਲੋੜਵੰਦ ਪਰਿਵਾਰਾਂ ਨੇ ਬੀਬੀ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। ਇਸ ਸੇਵਾ ਕਾਰਜ ਵਿੱਚ ਟੀਮ ਦੇ ਹੋਰ ਵੀ ਕਈ ਪ੍ਰਮੁੱਖ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਇਸ ਨੇਕ ਕੰਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।