Skip to content
ਅੰਮ੍ਰਿਤਸਰ, 6 ਨਵੰਬਰ (ਅਮਿਤ ਨੱਖਵਾਲ): ਦੀਵਾਲੀ ਦਾ ਤਿਉਹਾਰ ਜਿੱਥੇ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਹ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਵਿਰਾਸਤ ਨੂੰ ਸੰਭਾਲਣ ਦਾ ਸੰਦੇਸ਼ ਵੀ ਦਿੰਦਾ ਹੈ। ਇਸੇ ਭਾਵਨਾ ਨੂੰ ਅਮਲੀ ਰੂਪ ਦਿੰਦਿਆਂ ਮਹਾਰਾਸ਼ਟਰ ਦੇ ਪ੍ਰਸਿੱਧ ਸਿੱਖ ਆਗੂ ਗੁਰਿੰਦਰ ਸਿੰਘ ਬਾਵਾ ਵੱਲੋਂ ਮੁੰਬਈ ਵਿਖੇ ਇੱਕ ਵਿਸ਼ੇਸ਼ ਪਰਿਵਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੇ ਕਰੀਬ 250 ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਨੇ ਪਰਿਵਾਰਕ ਏਕਤਾ ਅਤੇ ਆਪਸੀ ਸਾਂਝ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ। ਗੁਰਿੰਦਰ ਸਿੰਘ ਬਾਵਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਦੇ ਚੇਅਰਮੈਨ, ਚੀਫ ਖਾਲਸਾ ਦੀਵਾਨ ਮੁੰਬਈ ਦੇ ਪ੍ਰਧਾਨ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੀਤ ਪ੍ਰਧਾਨ ਸਮੇਤ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਨੇ ਆਪਣੇ ਨਾਨਾ ਸਵਰਗਵਾਸੀ ਭਾਈ ਜੈਮਲ ਸਿੰਘ ਜੀ ਦੇ ਵਿਸ਼ਾਲ ਪਰਿਵਾਰ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਦਾ ਉਪਰਾਲਾ ਕੀਤਾ।
ਸਵਰਗਵਾਸੀ ਭਾਈ ਜੈਮਲ ਸਿੰਘ ਜੀ ਇੱਕ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਮੁੰਬਈ ਦੀ ਸਮੁੱਚੀ ਸਿੱਖ ਬਿਰਾਦਰੀ ਵਿੱਚ ਬਹੁਤ ਸਤਿਕਾਰ ਸੀ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਮੁੰਬਈ ਦੇ ਸਿੱਖ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ। ਉਹ ਗੁਰਿੰਦਰ ਸਿੰਘ ਬਾਵਾ ਦੇ ਨਾਨਾ ਜੀ ਸਨ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਬੇਟੀ ਬਾਵਾ ਜੀ ਦੇ ਮਾਤਾ ਜੀ ਸਨ।
ਸਮਾਗਮ ਦੌਰਾਨ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੇ ਮੈਂਬਰਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਪਸੀ ਪਿਆਰ, ਸਤਿਕਾਰ ਅਤੇ ਏਕਤਾ ਨੂੰ ਹੋਰ ਮਜ਼ਬੂਤ ਬਣਾਈ ਰੱਖਣ ਦਾ ਸੰਕਲਪ ਵੀ ਲਿਆ।
ਇਸ ਮੌਕੇ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਪਰਿਵਾਰ ਦੇ 200 ਤੋਂ 250 ਮੈਂਬਰਾਂ ਦਾ ਇਕੱਠੇ ਹੋਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਪਰਿਵਾਰ ਦੀ ਅਸਲ ਤਾਕਤ ਉਸ ਦੀ ਜਾਇਦਾਦ ਜਾਂ ਦੌਲਤ ਨਹੀਂ, ਬਲਕਿ ਮੈਂਬਰਾਂ ਵਿਚਕਾਰ ਪਿਆਰ, ਸਤਿਕਾਰ, ਵਿਸ਼ਵਾਸ ਅਤੇ ਆਪਸੀ ਸਹਿਯੋਗ ਹੁੰਦਾ ਹੈ।
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਡਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ, ਅਹੰਕਾਰ ਤੋਂ ਦੂਰ ਰਹਿਣ ਅਤੇ ਪਿਆਰ ਤੇ ਸਤਿਕਾਰ ਨਾਲ ਪਰਿਵਾਰਕ ਸਾਂਝ ਨੂੰ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਪਰਿਵਾਰਕ ਰਿਸ਼ਤੇ ਕਮਜ਼ੋਰ ਹੋ ਰਹੇ ਹਨ ਅਤੇ ਕਈ ਵਾਰ ਰਿਸ਼ਤੇਦਾਰ ਵੀ ਇੱਕ-ਦੂਜੇ ਤੋਂ ਦੂਰ ਹੋ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਇਸ ਤਰ੍ਹਾਂ ਦੇ ਸਮਾਗਮ ਪਰਿਵਾਰਾਂ ਨੂੰ ਮੁੜ ਇੱਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਤਰ੍ਹਾਂ ਗੁਰਿੰਦਰ ਸਿੰਘ ਬਾਵਾ ਦੀ ਇਹ ਪਹਿਲ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਪਰਿਵਾਰ ਦੀ ਅਸਲ ਵਿਰਾਸਤ ਧਨ-ਦੌਲਤ ਜਾਂ ਨਾਮ ਨਹੀਂ, ਸਗੋਂ ਪਿਆਰ, ਸੇਵਾ, ਸੰਸਕਾਰ ਅਤੇ ਭਾਈਚਾਰਾ ਹੈ। ਉਨ੍ਹਾਂ ਦਾ ਇਹ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਨ ਦੇ ਨਾਲ-ਨਾਲ ਪਰਿਵਾਰਕ ਏਕਤਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ।
ਰਿਪੋਰਟ: ਅਮਿਤ ਨੱਖਵਾਲ
Related