ਜਲੰਧਰ: ਵੈਸਟ ਹਲਕੇ ਦੇ ਵਾਰਡ ਨੰਬਰ 50 ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਦਹਿਸ਼ਤ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਕੋਟ ਮੁਹੱਲਾ ਸਮੇਤ ਕਈ ਇਲਾਕਿਆਂ ਵਿੱਚ ਸਵੇਰੇ 4 ਤੋਂ 4:30 ਵਜੇ ਸੈਰ ਕਰਨ ਵਾਲੇ ਲੋਕ ਹਰ ਰੋਜ਼ ਡਰ ਦੇ ਸਾਏ ਹੇਠ ਨਿਕਲਦੇ ਹਨ। ਗਲੀਆਂ ਵਿੱਚ ਝੁੰਡਾਂ ਦੇ ਰੂਪ ਵਿੱਚ ਘੁੰਮ ਰਹੇ ਅਵਾਰਾ ਕੁੱਤੇ ਰਾਹਗੀਰਾਂ, ਬੱਚਿਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ’ਤੇ ਹਮਲਾ ਕਰਨ ਲਈ ਦੌੜ ਪੈਂਦੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਖ਼ਤ ਸਵਾਲ ਚੁੱਕਦੇ ਹੋਏ ਕਿਹਾ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਨਿਗਮ ਵਿੱਚ ਅਣਗਿਣਤ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸੰਬੰਧਤ ਮੈਡਮ ਨੂੰ ਵੀ ਕਈ ਵਾਰ ਫੋਨ ਕਰਕੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ, ਪਰ ਉਨ੍ਹਾਂ ਦੇ ਕੰਨ ’ਤੇ ਜੂ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੋਵੇ ਅਤੇ ਪ੍ਰਸ਼ਾਸਨ ਫਿਰ ਵੀ ਚੁੱਪ ਬੈਠਾ ਰਹੇ, ਤਾਂ ਇਹ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਗੱਲ ਹੈ।ਸਰਦਾਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਅਵਾਰਾ ਕੁੱਤੇ ਸਿਰਫ਼ ਲੋਕਾਂ ਲਈ ਹੀ ਖ਼ਤਰਾ ਨਹੀਂ ਬਣੇ ਹੋਏ, ਸਗੋਂ ਕੂੜੇ ਦੇ ਡੰਪਾਂ ਤੋਂ ਕੂੜਾ ਚੁੱਕ ਕੇ ਪੂਰੇ ਇਲਾਕੇ ਵਿੱਚ ਖਿਲਾਰ ਰਹੇ ਹਨ, ਜਿਸ ਨਾਲ ਗੰਦਗੀ ਫੈਲ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਰਿਹਾ ਹੈ।ਇਸ ਮੌਕੇ ਐਡਵੋਕੇਟ ਪ੍ਰਦੀਪ ਖੁੱਲਰ ਨੇ ਚੇਤਾਵਨੀ ਦਿੰਦਿਆਂ ਕਿਹਾ, “ਜੇਕਰ ਨਗਰ ਨਿਗਮ ਨੇ ਹੁਣ ਵੀ ਅੱਖਾਂ ਨਾ ਖੋਲ੍ਹੀਆਂ ਤਾਂ ਇਹ ਅਵਾਰਾ ਕੁੱਤੇ ਕਿਸੇ ਨਾ ਕਿਸੇ ਬੇਕਸੂਰ ਦੀ ਜਾਨ ਜ਼ਰੂਰ ਲੈਣਗੇ। ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕਰੇ ਅਤੇ ਵੈਸਟ ਹਲਕੇ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਅਵਾਰਾ ਕੁੱਤਿਆਂ ਨੂੰ ਫੜਿਆ ਜਾਵੇ।”ਟੀਟੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵਿਅਕਤੀ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ 50 ਸਮੇਤ ਪੂਰੇ ਵੈਸਟ ਹਲਕੇ ਵਿੱਚ ਤੁਰੰਤ ਵਿਸ਼ੇਸ਼ ਮੁਹਿੰਮ ਚਲਾ ਕੇ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਲੋਕ ਡਰ-ਮੁਕਤ ਮਾਹੌਲ ਵਿੱਚ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰ ਸਕਣ।