ਪੰਜਾਬ ‘ਚ ਬਿਜਲੀ ਸੰਕਟ ਨਾਲ ਨਜਿੱਠਣ ਲਈ PSPCL ਵੱਲੋਂ 24×7 ਕੰਟਰੋਲ ਰੂਮ ਸਥਾਪਤ, ਹੈਲਪਲਾਈਨ 1912 ਜਾਰੀ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਨੇ ਭਾਰੀ ਗਰਮੀ ਅਤੇ ਝੋਨੇ ਦੀ ਲਗਾਤਾਰ ਰੋਪਾਈ ਕਾਰਨ ਵਧੀ ਬਿਜਲੀ ਮੰਗ ਨੂੰ ਦੇਖਦਿਆਂ ਸੂਬੇ ਭਰ ਵਿੱਚ 24 ਘੰਟੇ ਨਿਗਰਾਨੀ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤੇ ਹਨ। ਇਨ੍ਹਾਂ ਕੰਟਰੋਲ ਰੂਮਾਂ ਰਾਹੀਂ ਬਿਜਲੀ ਸਪਲਾਈ ‘ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਖੇਤਰ ਵਿੱਚ ਆਉਣ ਵਾਲੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ।

ਪੀਐਸਪੀਸੀਐਲ ਨੇ ਖਪਤਕਾਰਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 1912 ਵੀ ਜਾਰੀ ਕੀਤਾ ਹੈ। ਬਿਜਲੀ ਸਪਲਾਈ ਬੰਦ ਹੋਣ, ਬਿੱਲਾਂ ਨਾਲ ਸੰਬੰਧਿਤ ਸਮੱਸਿਆ ਜਾਂ ਹੋਰ ਕਿਸੇ ਵੀ ਸ਼ਿਕਾਇਤ ਲਈ ਉਪਭੋਗਤਾ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ PSPCL Consumer Services ਮੋਬਾਈਲ ਐਪ ਰਾਹੀਂ ਵੀ ਸ਼ਿਕਾਇਤ ਦਰਜ ਕਰਨ ਅਤੇ ਫੀਡਬੈਕ ਦੇਣ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ।

ਬਿਜਲੀ ਵਿਭਾਗ ਦੇ ਅਨੁਸਾਰ ਸਾਰੇ ਜ਼ੋਨਾਂ ਵਿੱਚ ਕੰਟਰੋਲ ਰੂਮ ਬਣਾਏ ਗਏ ਹਨ, ਜਦਕਿ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਵੀ ਵਿਸ਼ੇਸ਼ ਕੰਟਰੋਲ ਰੂਮ ਚਾਲੂ ਹੈ। ਇੱਥੋਂ ਫੀਲਡ ਸਟਾਫ ਅਤੇ ਤਕਨੀਕੀ ਟੀਮਾਂ ਨੂੰ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਕਿਸੇ ਵੀ ਖੇਤਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਇਸ ਵੇਲੇ ਪੰਜਾਬ ਵਿੱਚ ਬਿਜਲੀ ਦੀ ਮੰਗ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਭਾਰੀ ਗਰਮੀ ਅਤੇ ਝੋਨੇ ਦੀ ਫਸਲ ਲਈ ਲਗਾਤਾਰ ਸਿੰਚਾਈ ਕਾਰਨ ਬਿਜਲੀ ਦੀ ਖਪਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦੁਪਹਿਰ ਕਰੀਬ 12 ਵਜੇ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,130 ਮੈਗਾਵਾਟ ਦਰਜ ਕੀਤੀ ਗਈ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ।

ਦੂਜੇ ਪਾਸੇ, ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਅਤੇ ਸ਼ਹਿਰੀ ਖਪਤਕਾਰਾਂ ਵਿੱਚ ਨਾਰਾਜ਼ਗੀ ਵੀ ਵੇਖੀ ਜਾ ਰਹੀ ਹੈ ਅਤੇ ਕਈ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਹਨ। ਪੀਐਸਪੀਸੀਐਲ ਦਾ ਕਹਿਣਾ ਹੈ ਕਿ ਕੰਟਰੋਲ ਰੂਮ ਅਤੇ ਹੈਲਪਲਾਈਨ ਪ੍ਰਣਾਲੀ ਰਾਹੀਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾਵੇਗਾ। ਜੇਕਰ ਕੋਈ ਉਪਭੋਗਤਾ ਹੱਲ ਨਾਲ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਮੋਬਾਈਲ ਐਪ ਰਾਹੀਂ ਦੁਬਾਰਾ 1912 ‘ਤੇ ਫੀਡਬੈਕ ਭੇਜ ਸਕਦਾ ਹੈ।

ਜੇਕਰ ਆਮ ਹੈਲਪਲਾਈਨ ਤੋਂ ਸਮੱਸਿਆ ਦਾ ਹੱਲ ਨਾ ਮਿਲੇ ਤਾਂ ਖਪਤਕਾਰ ਆਪਣੇ-ਆਪਣੇ ਆਪਰੇਸ਼ਨ ਜ਼ੋਨ ਦੇ ਚੀਫ਼ ਇੰਜੀਨੀਅਰ ਦੇ ਕੰਟਰੋਲ ਰੂਮ ਨੰਬਰਾਂ ‘ਤੇ ਵੀ ਸਿੱਧਾ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਕੰਟਰੋਲ ਰੂਮ ਸੰਪਰਕ ਨੰਬਰ

ਹੈੱਡ ਆਫਿਸ (ਪਟਿਆਲਾ): 96461-06835, 96461-06836

ਸਾਊਥ ਜ਼ੋਨ (ਪਟਿਆਲਾ, ਮਲੇਰਕੋਟਲਾ, ਰਾਜਪੁਰਾ, ਸੰਗਰੂਰ, ਬਰਨਾਲਾ): 96461-48833, 96461-46400

ਬਾਰਡਰ ਜ਼ੋਨ (ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ): 0183-2212425, 96461-82959, 96461-21404

ਸੈਂਟਰਲ ਜ਼ੋਨ (ਲੁਧਿਆਣਾ, ਖੰਨਾ, ਫਤਿਹਗੜ੍ਹ ਸਾਹਿਬ): 96461-22070, 96461-22158, 96461-21408, 96461-21409

ਵੈਸਟ ਜ਼ੋਨ (ਬਠਿੰਡਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਮਾਨਸਾ): 96461-85267, 96461-96300, 96461-21396, 96461-21398

ਨਾਰਥ ਜ਼ੋਨ (ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ): 96461-14414, 96461-16679, 96461-21415, 96461-21416, 0181-2220924

ਈਸਟ ਜ਼ੋਨ (ਨਾਭਾ, ਲਾਡਵਾ, ਰੂਪਨਗਰ, ਮੋਹਾਲੀ, ਜ਼ੀਰਕਪੁਰ): 96461-20435, 96461-20407