
Skip to content

ਕੈਨੇਡਾ |ਅਮਿਤ ਨਖਵਾਲ: ਕੈਨੇਡਾ ਦੇ ਮਾਂਟਰੀਅਲ ਸਥਿਤ ਲਾਸਾਲੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਦੀ ਗੋਲਕ ਦੇ ਹਿਸਾਬ-ਕਿਤਾਬ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੌਰਾਨ ਦੋ ਧੜਿਆਂ ਵਿਚਕਾਰ ਤਿੱਖਾ ਵਿਵਾਦ ਹੋ ਗਿਆ। ਇਹ ਵਿਵਾਦ ਦੇਖਦੇ ਹੀ ਦੇਖਦੇ ਹੱਥੋਪਾਈ ਅਤੇ ਧੱਕਾ-ਮੁੱਕੀ ਵਿੱਚ ਤਬਦੀਲ ਹੋ ਗਿਆ। ਘਟਨਾ ਦੀ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਮੀਟਿੰਗ ਦੌਰਾਨ ਗੋਲਕ ਦੀ ਰਾਸ਼ੀ ਦੇ ਹਿਸਾਬ-ਕਿਤਾਬ ਅਤੇ ਧਾਰਮਿਕ ਮਰਿਆਦਾ ਨਾਲ ਜੁੜੇ ਮੁੱਦੇ ਉਠਾਏ ਗਏ। ਦੋਸ਼ ਹੈ ਕਿ ਸਵਾਲ ਪੁੱਛੇ ਜਾਣ ‘ਤੇ ਗੁਰਦੁਆਰਾ ਪ੍ਰਧਾਨ ਸੁਰਜੀਤ ਸਿੰਘ ਗੁੱਸੇ ਵਿੱਚ ਆ ਗਏ ਅਤੇ ਮੈਂਬਰ ਮੇਹਰ ਸਿੰਘ ਨਾਲ ਤਕਰਾਰ ਹੋ ਗਈ।
ਸਾਹਮਣੇ ਆਈ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਪ੍ਰਧਾਨ ਆਪਣੀ ਸੀਟ ਤੋਂ ਉੱਠ ਕੇ ਮੇਹਰ ਸਿੰਘ ਵੱਲ ਜਾਂਦੇ ਹਨ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਹੱਥੋਪਾਈ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ ਅਤੇ ਹਾਲ ਦਾ ਮਾਹੌਲ ਤਣਾਅਪੂਰਨ ਬਣ ਗਿਆ।
ਘਟਨਾ ਦੌਰਾਨ ਦੋਸ਼ ਹੈ ਕਿ ਪ੍ਰਧਾਨ ਨੇ ਦਰਵਾਜ਼ੇ ਕੋਲ ਪਿਆ ਬਰਛਾ ਚੁੱਕ ਕੇ ਮੇਹਰ ਸਿੰਘ ਵੱਲ ਤਾਣ ਦਿੱਤਾ। ਹਾਲਾਂਕਿ, ਮੌਕੇ ‘ਤੇ ਮੌਜੂਦ ਹੋਰ ਮੈਂਬਰਾਂ ਨੇ ਤੁਰੰਤ ਦਖ਼ਲ ਦੇ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਵੱਡੀ ਘਟਨਾ ਵਾਪਰਨ ਤੋਂ ਬਚਾ ਲਿਆ। ਲਗਭਗ 10 ਮਿੰਟ ਤੱਕ ਹਾਲ ਵਿੱਚ ਹੰਗਾਮਾ ਜਾਰੀ ਰਿਹਾ, ਜਿਸ ਤੋਂ ਬਾਅਦ ਸੰਗਤ ਅਤੇ ਹੋਰ ਮੈਂਬਰਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਪ੍ਰਧਾਨ ਸੁਰਜੀਤ ਸਿੰਘ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਿੱਟਾ ਨਾਲ ਸਬੰਧਤ ਹਨ ਅਤੇ ਕਰੀਬ ਇੱਕ ਦਹਾਕੇ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ। ਦੂਜੇ ਪਾਸੇ, ਮੇਹਰ ਸਿੰਘ ਧੜੇ ਨੇ ਦੋਸ਼ ਲਗਾਇਆ ਹੈ ਕਿ ਗੋਲਕ ਦੇ ਹਿਸਾਬ-ਕਿਤਾਬ ਬਾਰੇ ਸਵਾਲ ਪੁੱਛਣ ‘ਤੇ ਪ੍ਰਧਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਵਿੱਚ ਸਿੱਖ ਸੰਗਤ ਅਤੇ ਭਾਰਤੀ ਭਾਈਚਾਰੇ ਵਿੱਚ ਭਾਰੀ ਨਾਰਾਜ਼ਗੀ ਹੈ। ਸ਼ਰਧਾਲੂਆਂ ਨੇ ਗੁਰਦੁਆਰੇ ਵਰਗੇ ਪਵਿੱਤਰ ਅਸਥਾਨ ‘ਤੇ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਗੋਲਕ ਦੀ ਰਾਸ਼ੀ ਦੀ ਨਿਰਪੱਖ ਜਾਂਚ, ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਅਤੇ ਗੁਰਦੁਆਰੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਰਿਪੋਰਟ: ਅਮਿਤ ਨਖਵਾਲ
Related