ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਨਾ ਕਰਵਾਉਣ ਦੇ ਕਾਰਨ ਸਮੁੱਚੇ ਪਦਉੱਨਤ ਲੈਕਚਰਾਰ ਕੇਡਰ ਦੇ ਵਿੱਚ ਰੋਸ ਦੀ ਲਹਿਰ ਹੈ। ਜ਼ਿਲ੍ਹਾ ਫਿਰੋਜ਼ਪੁਰ ਤੋਂ ਪਦਉੱਨਤ ਲੈਕਚਰਾਰ ਪਰਮਿੰਦਰ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਵਿੱਚ ਬਦਲੀਆਂ ਨਾ ਕਰਕੇ ਅਤੇ ਬਦਲੀਆਂ ਨੂੰ ਲੰਬਾ ਖਿੱਚਣ ਕਾਰਨ ਪਦਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਵਾਉਣ ਵਿੱਚ ਹੋ ਰਹੀ ਦੇਰੀ ਕਾਰਨ ਸਮੁੱਚੇ ਕੇਡਰ ਦੇ ਵਿੱਚ ਰੋਸ ਦੀ ਲਹਿਰ ਹੈ, ਕਿਉਕਿ ਵਿਭਾਗ ਵੱਲੋਂ ਨਾ ਸਮੇਂ ਸਿਰ ਨਿਯੁਕਤੀਆਂ ਹੋ ਸਕੀਆਂ, ਨਾ ਬਦਲੀਆਂ ਤੇ ਨਾ ਹੀ ਤਰੱਕੀਆਂ। ਜ਼ਿਲ੍ਹਾ ਫਿਰੋਜਪੁਰ ਤੋਂ ਪਦਉੱਨਤ ਲੈਕਚਰਾਰ ਮਨਜੀਤ ਸਿੰਘ, ਵਰਿੰਦਰ ਕੁਮਾਰ, ਪਰਵਿੰਦਰ ਸਿੰਘ ਸੋਢੀ, ਸੁਰਿੰਦਰ ਪਾਲ, ਗੁਰਜੰਟ ਸਿੰਘ, ਸੁਖਦੇਵ ਮਸੀਹ, ਲੇਖਮ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ, ਸੰਦੀਪ ਸਿੰਘ, ਗੁਰਸ਼ਰਨ ਕੌਰ, ਬਲਵਿੰਦਰ ਕੌਰ, ਮੈਡਮ ਨਵੀਨ ਆਦਿ ਨੇ ਕਿਹਾ ਕਿ ਵਿਭਾਗ ਵੱਲੋਂ 19 ਜੁਲਾਈ ਨੂੰ ਬਾਇਲੋਜੀ, ਇਕਨੋਮਿਕਸ, ਮੈਥ ,ਫਿਜਿਕਸ ਅਤੇ ਹਿੰਦੀ ਦੀਆਂ ਕੁੱਲ 164 ਪ੍ਰਮੋਸ਼ਨਾਂ ਅਤੇ 5 ਅਗਸਤ ਨੂੰ ਰਾਜਨੀਤਿਕ ਸ਼ਾਸਤਰ, ਪੰਜਾਬੀ ,ਅੰਗਰੇਜ਼ੀ ,ਕਮਰਸ, ਸੰਸਕ੍ਰਿਤ, ਫਾਈਨ ਆਰਟਸ ,ਹੋਮ ਸਾਇੰਸ ਅਤੇ ਸ਼ਸ਼ੋਲਜੀ ਦੀਆਂ ਕੁੱਲ 844 ਪ੍ਰਮੋਸ਼ਨਾਂ ਅਤੇ 14 ਅਗਸਤ ਨੂੰ ਹਿਸਟਰੀ ,ਕੈਮਿਸਟਰੀ, ਅਤੇ ਜੋਗਰਾਫੀ ਦੀਆਂ ਕੁੱਲ 222 ਪਦਉੱਨਤੀਆਂ ਕੀਤੀਆਂ ਗਈਆਂ, ਅਤੇ ਇਹਨਾਂ ਪਦਉੱਨਤ ਲੈਕਚਰਾਰਾਂ ਵੱਲੋਂ ਸੰਬੰਧਿਤ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਵਿਖੇ ਨਿਰਧਾਰਿਤ ਸਮੇਂ ਵਿੱਚ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਅੱਜ ਤਕਰੀਬਨ ਪੌਣੇ ਦੋ ਮਹੀਨੇ ਬੀਤ ਜਾਣ ਤੇ ਵੀ ਕਿਸੇ ਵੀ ਪਦਉੱਨਤ ਲੈਕਚਰਾਰ ਨੂੰ ਸਟੇਸ਼ਨ ਚੋਣ ਨਹੀਂ ਕਰਵਾਈ ਗਈ। ਜਿਸ ਕਾਰਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੈਸ਼ਨ ਦਾ ਅੱਧਾ ਸਾਲ ਬੀਤ ਜਾਣ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ। ਪਦਉੱਨਤ ਲੈਕਚਰਾਰ ਫਰੰਟ ਇਹ ਮੰਗ ਕਰਦਾ ਹੈ ਕਿ ਇਹਨਾਂ ਸਾਰੇ ਲੈਕਚਰਾਰਾਂ ਨੂੰ ਹੋਣ ਵਾਲੀਆਂ ਆਪਸੀ ਬਦਲੀਆਂ ਦਾ ਰਾਊਂਡ ਚੱਲਣ ਦੇ ਤੁਰੰਤ ਬਾਅਦ ਸਟੇਸ਼ਨ ਚੋਣ ਕਰਵਾਈ ਜਾਵੇ ਅਤੇ ਸਟੇਸ਼ਨ ਚੋਣ ਕਰਵਾਉਣ ਸਮੇਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਆਧਾਰ ਨਾ ਬਣਾਇਆ ਜਾਵੇ ਅਤੇ ਸਮੂਹ ਸਕੂਲਾਂ ਦੇ ਸਟੇਸ਼ਨ ਨੂੰ ਸਟੇਸ਼ਨ ਚੋਣ ਲਈ ਖੋਲਿਆ ਜਾਵੇ।