
Skip to content

ਜਲੰਧਰ: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਜਲੰਧਰ ਪੁਲਿਸ ਪ੍ਰਸ਼ਾਸਨ ਨੇ ਸਖ਼ਤੀ ਹੋਰ ਵਧਾ ਦਿੱਤੀ ਹੈ। ਸ਼ਹਿਰ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਪੁਲਿਸ ਵੱਲੋਂ 1 ਜੂਨ 2026 ਤੋਂ ਸ਼ਹਿਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ (E-Challan) ਪ੍ਰਣਾਲੀ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਪੁਲਿਸ ਪ੍ਰਸ਼ਾਸਨ ਮੁਤਾਬਕ ਜਿਨ੍ਹਾਂ 9 ਚੌਰਾਹਿਆਂ ‘ਤੇ ਨਵੀਂ ਈ-ਚਲਾਨ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਮਾਡਲ ਟਾਊਨ ਚੌਕ, ਫੁਟਬਾਲ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਭਗਵਾਨ ਵਾਲਮੀਕੀ ਚੌਕ, ਚੁਨਮੁਨ ਚੌਕ, ਡਾ. ਬੀ.ਆਰ. ਅੰਬੇਡਕਰ ਚੌਕ, ਗੁਰੂ ਅਮਰਦਾਸ ਚੌਕ, ਵਰਕਸ਼ਾਪ ਚੌਕ ਅਤੇ ਕਪੂਰਥਲਾ ਚੌਕ ਸ਼ਾਮਲ ਹਨ।
ਇਨ੍ਹਾਂ ਸਾਰੇ ਚੌਰਾਹਿਆਂ ‘ਤੇ ਆਧੁਨਿਕ ਕੈਮਰੇ ਲਗਾਏ ਗਏ ਹਨ, ਜੋ 24 ਘੰਟੇ ਟ੍ਰੈਫਿਕ ਨਿਯਮਾਂ ਦੀ ਨਿਗਰਾਨੀ ਕਰਨਗੇ। ਰੈੱਡ ਲਾਈਟ ਜੰਪ ਕਰਨ, ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਜਾਂ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਸਿਸਟਮ ਆਪਣੇ ਆਪ ਕਰੇਗਾ।
ਨਵੀਂ ਪ੍ਰਣਾਲੀ ਤਹਿਤ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਆਨਲਾਈਨ ਜਨਰੇਟ ਹੋਣਗੇ ਅਤੇ ਇਸ ਸਬੰਧੀ ਜਾਣਕਾਰੀ ਵਾਹਨ ਮਾਲਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਮੈਸੇਜ ਰਾਹੀਂ ਭੇਜੀ ਜਾਵੇਗੀ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਬੀ.ਐੱਸ.ਐੱਫ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਪੀ.ਏ.ਪੀ. ਚੌਕ ਅਤੇ ਬੀ.ਐੱਮ.ਸੀ. ਚੌਕ ‘ਤੇ ਇਹ ਪ੍ਰਣਾਲੀ ਪਹਿਲਾਂ ਹੀ ਲਾਗੂ
। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਈ-ਚਲਾਨ ਪ੍ਰਣਾਲੀ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।
ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਈ-ਚਲਾਨ ਪ੍ਰਣਾਲੀ ਦਾ ਮਕਸਦ ਰੇਵਨਿਊ ਇਕੱਠਾ ਕਰਨਾ ਨਹੀਂ, ਸਗੋਂ ਸੜਕ ਹਾਦਸਿਆਂ ਨੂੰ ਘਟਾਉਣਾ ਅਤੇ ਸ਼ਹਿਰ ਵਿੱਚ ਅਨੁਸ਼ਾਸਿਤ ਟ੍ਰੈਫਿਕ ਪ੍ਰਬੰਧ ਕਾਇਮ ਕਰਨਾ ਹੈ। ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਸੁਰੱਖਿਅਤ ਡਰਾਈਵਿੰਗ ਕਰਨ ਅਤੇ ਨਿਯਮਾਂ ਦੀ ਅਣਦੇਖੀ ਨਾ ਕਰਨ ਦੀ ਸਲਾਹ ਦਿੱਤੀ ਹੈ।
:::
Related