
Skip to content

ਫ਼ਿਰੋਜ਼ਪੁਰ, ਜਤਿੰਦਰ ਪਿੰਕਲ : ਫ਼ਿਰੋਜ਼ਪੁਰ ਵਿੱਚ ਚੋਣ ਡਿਊਟੀ ਦੌਰਾਨ ਅਧਿਆਪਕਾਂ ਨਾਲ ਕੀਤੀ ਗਈ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਭਰੇ ਰਵੱਈਏ ਖ਼ਿਲਾਫ਼ ਸਮੂਹ ਅਧਿਆਪਕ ਜਥੇਬੰਦੀਆਂ ਫ਼ਿਰੋਜ਼ਪੁਰ ਵੱਲੋਂ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਹੈ। ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਐੱਸ.ਡੀ.ਐੱਮ. ਫ਼ਿਰੋਜ਼ਪੁਰ ਵੱਲੋਂ ਚੋਣ ਡਿਊਟੀ ਨਿਭਾ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਅਸਲ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ, ਜੋ ਲੋਕਤੰਤਰਕ ਕਦਰਾਂ-ਕੀਮਤਾਂ ਉੱਤੇ ਸਿੱਧਾ ਹਮਲਾ ਹੈ।
ਜਥੇਬੰਦੀਆਂ ਮੁਤਾਬਕ ਚੋਣ ਪ੍ਰਬੰਧਾਂ ਵਿੱਚ ਭਾਰੀ ਖਾਮੀਆਂ ਅਤੇ ਅਵਿਵਸਥਾ ਰਹੀ। ਕਈ ਅਧਿਆਪਕਾਂ ਨੂੰ ਇੱਕੋ ਸਮੇਂ ਡਬਲ ਡਿਊਟੀਆਂ ਦਿੱਤੀਆਂ ਗਈਆਂ, ਕਈਆਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿੱਚ ਬਿਨਾਂ ਢੰਗ ਦੇ ਪ੍ਰਬੰਧਾਂ ਦੇ ਭੇਜਿਆ ਗਿਆ ਅਤੇ ਕਈ ਮੁਲਾਜ਼ਮ ਪੀਣ ਵਾਲੇ ਪਾਣੀ ਅਤੇ ਖਾਣ-ਪੀਣ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹੇ। ਇਸ ਦੇ ਬਾਵਜੂਦ ਜਿਨ੍ਹਾਂ ਅਧਿਆਪਕਾਂ ਨੇ ਆਪਣੀਆਂ ਜਾਇਜ਼ ਮੁਸ਼ਕਲਾਂ ਅਤੇ ਚੋਣ ਪ੍ਰਬੰਧਾਂ ਦੀਆਂ ਖਾਮੀਆਂ ਬਾਰੇ ਆਵਾਜ਼ ਉਠਾਈ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਅਧਿਆਪਕ ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਕਈ ਅਧਿਆਪਕ ਡਿਊਟੀ ਨਿਭਾਉਣ ਦੇ ਬਾਵਜੂਦ ਵੀ ਗੈਰਹਾਜ਼ਰ ਦਰਸਾਏ ਗਏ। ਇਨ੍ਹਾਂ ਵਿੱਚ ਝਿਰਮਲ ਸਿੰਘ, ਗਗਨਦੀਪ ਗੱਖੜ, ਕੁਲਦੀਪ ਸਿੰਘ ਦਿਲਾਰਾਮ ਸਮੇਤ ਹੋਰ ਅਧਿਆਪਕਾਂ ਦੇ ਨਾਮ ਸ਼ਾਮਲ ਹਨ। ਜਥੇਬੰਦੀਆਂ ਨੇ ਕਿਹਾ ਕਿ ਬਿਨਾਂ ਕਿਸੇ ਤੱਥ ਜਾਂ ਪੱਖ ਸੁਣੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਲਿਖਣਾ ਬਹੁਤ ਹੀ ਨਿੰਦਣਯੋਗ ਅਤੇ ਅਧਿਕਾਰਾਂ ਦਾ ਦੁਰਪਯੋਗ ਹੈ। ਉਨ੍ਹਾਂ ਕਿਹਾ ਕਿ ਇਲੈਕਸ਼ਨ ਸਮਾਪਤ ਹੋਣ ਤੋਂ ਬਾਅਦ ਦੇਰ ਰਾਤ ਕੀਤੀ ਗਈ ਇਹ ਕਾਰਵਾਈ ਪ੍ਰਸ਼ਾਸਨ ਦੀ ਬੁਖਲਾਹਟ ਅਤੇ ਹੈਂਕੜਬਾਜ਼ ਸੋਚ ਨੂੰ ਦਰਸਾਉਂਦੀ ਹੈ।
ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਖ਼ਿਲਾਫ਼ ਦਰਜ ਕਰਨ ਲਈ ਭੇਜੀਆਂ ਗਈਆਂ ਸਿਫ਼ਾਰਸ਼ਾਂ ਤੁਰੰਤ ਵਾਪਸ ਨਾ ਲਈਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ, ਮੁਲਾਜ਼ਮ ਜਥੇਬੰਦੀਆਂ ਅਤੇ ਹੋਰ ਲੋਕਤੰਤਰਕ ਸੰਗਠਨਾਂ ਨਾਲ ਮਿਲ ਕੇ ਵੱਡੇ ਪੱਧਰ ਦੇ ਅੰਦੋਲਨ ਵਿੱਚ ਤਬਦੀਲ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕੁਝ ਅਧਿਆਪਕਾਂ ਦੀ ਨਹੀਂ, ਸਗੋਂ ਹਰ ਮੁਲਾਜ਼ਮ ਦੀ ਇੱਜ਼ਤ, ਸਨਮਾਨ ਅਤੇ ਲੋਕਤੰਤਰਕ ਹੱਕਾਂ ਦੀ ਲੜਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਅੱਗੇ ਝੁਕਿਆ ਨਹੀਂ ਜਾਵੇਗਾ ਅਤੇ ਇਕਜੁੱਟ ਸੰਘਰਸ਼ ਰਾਹੀਂ ਇਸ ਰਵੱਈਏ ਨੂੰ ਨੱਥ ਪਾਈ ਜਾਵੇਗੀ।
ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸੁਖਜਿੰਦਰ ਸਿੰਘ ਖਾਨਪੁਰ, ਬੀ.ਐੱਡ ਫਰੰਟ ਦੇ ਪਰਮਜੀਤ ਸਿੰਘ ਪੰਮਾ, ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੈਡਮ ਸ਼ਹਿਨਾਜ, ਸੰਦੀਪ ਕੁਮਾਰ, ਰਜਿੰਦਰ ਸਿੰਘ ਰਾਜਾ, ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਨਿਰਮਲ ਸਿੰਘ, ਮਿਹਰ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਜੀਵ ਖਿਆਲ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕੀਤਾ।
Related