ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ, 7555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦੀ ਘੜੀ ਆਖਿਰਕਾਰ ਆ ਗਈ ਹੈ। ਅੱਜ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਰਾਜ ਭਰ ਦੀਆਂ 8 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਨਤੀਜੇ ਐਲਾਨੇ ਜਾਣੇ ਹਨ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

Punjab State Election Commission ਦੇ ਚੋਣ ਕਮਿਸ਼ਨਰ Raj Kamal Chaudhuri ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਵਾਰਡਾਂ ਦੀ ਗਿਣਤੀ ਪੂਰੀ ਹੁੰਦੀ ਜਾਵੇਗੀ, ਨਤੀਜੇ ਆਨਲਾਈਨ ਅਪਡੇਟ ਕੀਤੇ ਜਾਣਗੇ। ਲੋਕ ਘਰ ਬੈਠੇ ਹੀ ਪੰਜਾਬ ਚੋਣ ਕਮਿਸ਼ਨ ਦੀ ਵੈਬਸਾਈਟ ਰਾਹੀਂ ਨਤੀਜੇ ਵੇਖ ਸਕਣਗੇ।

ਨਤੀਜੇ ਵੇਖਣ ਲਈ:  Punjab State Election Commission Website

ਚੋਣ ਕਮਿਸ਼ਨਰ ਨੇ ਕਿਹਾ ਕਿ ਦੁਪਹਿਰ 12 ਵਜੇ ਤੱਕ ਜ਼ਿਆਦਾਤਰ ਨਤੀਜੇ ਸਾਫ਼ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀਆਂ ਮਿਊਂਸਪਲ ਚੋਣਾਂ ਦੇ ਨਤੀਜੇ ਆਨਲਾਈਨ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਮੁਤਾਬਕ, ਇਸ ਕਦਮ ਦਾ ਮਕਸਦ ਗਿਣਤੀ ਕੇਂਦਰਾਂ ‘ਤੇ ਭੀੜ ਨੂੰ ਰੋਕਣਾ ਅਤੇ ਲੋਕਾਂ ਤੱਕ ਪਾਰਦਰਸ਼ੀ ਢੰਗ ਨਾਲ ਸਹੀ ਨਤੀਜੇ ਪਹੁੰਚਾਉਣਾ ਹੈ।