ਜੇ ਤੁਸੀਂ ਮਿੱਠਾ ਖਾਣ ਦੇ ਸ਼ੌਕੀਨ ਹੋ ਅਤੇ ਕੁਝ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਕੱਦੂ ਦੀ ਬਰਫ਼ੀ ਇੱਕ ਬਿਹਤਰੀਨ ਚੋਣ ਹੈ। ਦੁੱਧ, ਨਾਰੀਅਲ ਅਤੇ ਕੱਦੂ ਦੇ ਸੁਮੇਲ ਨਾਲ ਬਣਨ ਵਾਲੀ ਇਹ ਬਰਫ਼ੀ ਸਵਾਦ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੀ ਹੈ। ਘੱਟ ਸਮੱਗਰੀ ਨਾਲ ਇਹ ਮਿੱਠਾ ਪਕਵਾਨ ਘਰ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ।

ਸਮੱਗਰੀ:

  • 1 ਕਿਲੋ ਕੱਦੂ

  • 3 ਕੱਪ ਦੁੱਧ

  • 3/4 ਕੱਪ ਦੁੱਧ ਪਾਊਡਰ

  • 1 ਕੱਪ ਕੱਟਿਆ ਹੋਇਆ ਨਾਰੀਅਲ

  • 2 ਚਮਚ ਘਿਉ

  • 3/4 ਕੱਪ ਖੰਡ

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਕੱਦੂ ਨੂੰ ਛਿੱਲ ਕੇ ਬੀਜ ਕੱਢ ਦਿਓ ਅਤੇ ਇਸ ਨੂੰ ਕੱਦੂਕਸ ਕਰ ਲਵੋ। ਇੱਕ ਪੈਨ ਵਿੱਚ 1 ਚਮਚ ਘਿਉ ਗਰਮ ਕਰਕੇ ਕੱਦੂ ਨੂੰ 5–6 ਮਿੰਟ ਤੱਕ ਭੁੰਨੋ। ਇਸ ਤੋਂ ਬਾਅਦ 2 ਕੱਪ ਦੁੱਧ ਪਾ ਕੇ ਕਰੀਬ 20–22 ਮਿੰਟ ਤੱਕ ਪਕਾਓ। ਫਿਰ ਇਸ ਵਿੱਚ ਖੰਡ (ਚਾਹੋ ਤਾਂ ਹਲਕਾ ਗ੍ਰੀਨ ਫੂਡ ਕਲਰ ਵੀ ਮਿਲਾ ਸਕਦੇ ਹੋ) ਪਾ ਕੇ ਕੁਝ ਮਿੰਟ ਹੋਰ ਪਕਾਓ ਅਤੇ ਮਿਸ਼ਰਣ ਨੂੰ ਇਕ ਪਾਸੇ ਰੱਖ ਦਿਓ।

ਹੁਣ ਦੂਜੇ ਪੈਨ ਵਿੱਚ ਬਚਿਆ ਹੋਇਆ 1 ਚਮਚ ਘਿਉ ਗਰਮ ਕਰਕੇ 1 ਕੱਪ ਦੁੱਧ ਪਾਓ। ਇਸ ਵਿੱਚ ਕੱਟਿਆ ਹੋਇਆ ਨਾਰੀਅਲ ਅਤੇ ਦੁੱਧ ਪਾਊਡਰ ਮਿਲਾ ਕੇ 8–10 ਮਿੰਟ ਤੱਕ ਗਾੜ੍ਹਾ ਹੋਣ ਤੱਕ ਪਕਾਓ। ਤਿਆਰ ਨਾਰੀਅਲ ਦਾ ਮਿਸ਼ਰਣ ਕੱਦੂ ਵਾਲੇ ਮਿਸ਼ਰਣ ਵਿੱਚ ਮਿਲਾ ਕੇ ਹੌਲੀ ਅੱਗ ‘ਤੇ 8–10 ਮਿੰਟ ਹੋਰ ਪਕਾਓ।

ਅੰਤ ਵਿੱਚ ਇਸ ਮਿਸ਼ਰਣ ਨੂੰ ਘਿਉ ਲੱਗੀ ਥਾਲੀ ਜਾਂ ਮੋਲਡ ਵਿੱਚ ਇਕਸਾਰ ਫੈਲਾ ਦਿਓ ਅਤੇ 3–4 ਘੰਟਿਆਂ ਲਈ ਸੈੱਟ ਹੋਣ ਦਿਓ। ਜਦੋਂ ਬਰਫ਼ੀ ਚੰਗੀ ਤਰ੍ਹਾਂ ਜਮ ਜਾਵੇ ਤਾਂ ਇਸ ਨੂੰ ਚੌਰਸ ਟੁਕੜਿਆਂ ਵਿੱਚ ਕੱਟ ਲਵੋ।

ਹੁਣ ਤੁਹਾਡੀ ਸੁਆਦਿਸ਼ਟ ਅਤੇ ਨਰਮ ਕੱਦੂ ਦੀ ਬਰਫ਼ੀ ਪਰੋਸਣ ਲਈ ਤਿਆਰ ਹੈ।