
Skip to content

(ਅਮਿਤ ਨਖਵਾਲ) ਪਠਾਨਕੋਟ, 18 ਜੁਲਾਈ: ਪਹਾੜੀ ਇਲਾਕਿਆਂ ਵਿੱਚ ਲੰਘੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਹੜ੍ਹ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਤੋਂ ਪਾਣੀ ਚੜ੍ਹਣਾ ਸ਼ੁਰੂ ਹੋਇਆ ਅਤੇ ਸਵੇਰੇ 5 ਵਜੇ ਤੱਕ ਲਗਾਤਾਰ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਪਹਾੜਾਂ ਵਿੱਚ ਮੀਂਹ ਰੁਕਣ ਨਾਲ ਦਰਿਆ ਦਾ ਜਲ ਪੱਧਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ, ਜਿਸ ਨਾਲ ਸੈਲੀ ਖੁੱਲੀਆਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ-ਜਲੰਧਰ ਰੇਲ ਮਾਰਗ ‘ਤੇ ਚੱਕੀ ਦਰਿਆ ਉਪਰ ਬਣਿਆ ਰੇਲਵੇ ਪੁਲ ਇਸ ਵੇਲੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਿਛਲੇ ਸਾਲ ਆਏ ਹੜ੍ਹ ਦੌਰਾਨ ਪੁਲ ਨੂੰ ਖਤਰਾ ਪੈਦਾ ਹੋਣ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਵਿੱਚ ਸੁਰੱਖਿਆ ਅਤੇ ਬਚਾਅ ਕਾਰਜ ਕਰਵਾਏ ਗਏ ਸਨ।
ਦਰਿਆ ਕੰਢੇ ਬਣਾਈ ਗਈ ਰਿਟੇਨਿੰਗ ਵਾਲ ਦੇ ਪਿਛਲੇ ਹਿੱਸੇ ਵਿੱਚ ਖਾਲੀ ਥਾਂ ਬਣ ਜਾਣ ਕਾਰਨ ਉੱਥੇ ਕਟਾਅ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਪਹਾੜਾਂ ਵਿੱਚ ਲਗਾਤਾਰ ਮੀਂਹ ਜਾਰੀ ਰਿਹਾ ਤਾਂ ਤੇਜ਼ ਵਹਾਅ ਕਾਰਨ ਰਿਟੇਨਿੰਗ ਵਾਲ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਰਹਿ ਸਕਦਾ ਹੈ।
ਅਧਿਕਾਰੀਆਂ ਅਨੁਸਾਰ ਚੱਕੀ ਦਰਿਆ ਵਿੱਚ ਕਰੀਬ 15 ਤੋਂ 16 ਹਜ਼ਾਰ ਕਿਊਸਕ ਪਾਣੀ ਦਾ ਵਹਾਅ ਦਰਜ ਕੀਤਾ ਗਿਆ। ਭਾਵੇਂ ਇਸ ਸਮੇਂ ਪਾਣੀ ਦਾ ਪੱਧਰ ਘਟ ਰਿਹਾ ਹੈ, ਪਰ ਪਹਾੜੀ ਖੇਤਰਾਂ ਵਿੱਚ ਬੱਦਲਵਾਈ ਬਣੀ ਹੋਣ ਕਾਰਨ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ।
ਰਿਪੋਰਟ: ਅਮਿਤ ਨਖਵਾਲ, ਪਠਾਨਕੋਟ

Related