
Skip to content

ਅਮਿਤ ਨਖਵਾਲ: ਹੁਸ਼ਿਆਰਪੁਰ ਪੁਲੀਸ ਨੇ ਟਾਂਡਾ ਥਾਣੇ ਦੇ ਸਾਬਕਾ ਐੱਸ.ਐੱਚ.ਓ. ਅਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਗਰਾ ਦਾ ਨਾਮ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਕਥਿਤ ਅੰਤਰਰਾਸ਼ਟਰੀ ਜਬਰੀ ਵਸੂਲੀ (ਐਕਸਟੋਰਸ਼ਨ) ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ।
ਅਮਰੀਕੀ ਜਾਂਚ ਏਜੰਸੀ ਐੱਫਬੀਆਈ (FBI) ਨੇ ਇਸ ਸਾਲ 7 ਫਰਵਰੀ ਨੂੰ ਦਾਇਰ ਕੀਤੀ ਚਾਰਜਸ਼ੀਟ ਵਿੱਚ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਕਥਿਤ ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਨਾਲ ਜੋੜਿਆ ਸੀ। ਦੋਸ਼ ਹੈ ਕਿ ਲਗਭਗ 4 ਲੱਖ ਅਮਰੀਕੀ ਡਾਲਰ ਦੀ ਜਬਰੀ ਵਸੂਲੀ ਦੇ ਮਾਮਲੇ ਵਿੱਚ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹ ਨਾਲ ਮਿਲ ਕੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਪਰਿਵਾਰ ਨੂੰ ਧਮਕੀਆਂ ਦੇਣ ਦੀ ਸਾਜ਼ਿਸ਼ ਰਚੀ।
ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਸ਼ਿਆਰਪੁਰ ਦੇ ਤਤਕਾਲੀ ਐੱਸ.ਐੱਸ.ਪੀ. ਨੇ ਨਾਗਰਾ ਨੂੰ ਤੁਰੰਤ ਟਾਂਡਾ ਥਾਣੇ ਤੋਂ ਹਟਾ ਕੇ ਪੁਲੀਸ ਲਾਈਨ ਭੇਜਣ ਦੇ ਹੁਕਮ ਜਾਰੀ ਕੀਤੇ ਸਨ। ਹੁਣ ਹੁਸ਼ਿਆਰਪੁਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਹੈ ਜਦੋਂ ਐੱਫਬੀਆਈ ਨੇ ਆਪਣੇ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਪੰਜਾਬ ਨਾਲ ਸਬੰਧਤ ਕਥਿਤ ਗੈਂਗਸਟਰ ਨਿਤੀਸ਼ ਕੌਸ਼ਲ ਉਰਫ਼ “ਲਾਲਾ” ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲਾਸ ਏਂਜਲਸ ਦੀ ਫੈਡਰਲ ਅਦਾਲਤ ਵਿੱਚ ਦਾਇਰ 44 ਪੰਨਿਆਂ ਦੀ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਅਪਰਾਧਿਕ ਨੈੱਟਵਰਕ ਭਾਰਤ, ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਸਰਗਰਮ ਸੀ।
ਚਾਰਜਸ਼ੀਟ ਮੁਤਾਬਕ ਗਿਰੋਹ ਕਥਿਤ ਤੌਰ ‘ਤੇ ਜਬਰੀ ਵਸੂਲੀ, ਕਤਲ ਲਈ ਸਾਜ਼ਿਸ਼, ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਅਗਵਾ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਸੀ। ਜਾਂਚ ਦੌਰਾਨ ਹੁਣ ਤੱਕ 24 ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਵੱਡੀ ਮਾਤਰਾ ਵਿੱਚ ਕੋਕੀਨ, ਹੈਰੋਇਨ, ਹਥਿਆਰ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਕਈ ਹੋਰ ਮੁਲਜ਼ਮ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।

Related