ਅਮਿਤ ਨਖਵਾਲ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਰ ਵਿਦਿਆਰਥੀ ਦੇ ਰਿਕਾਰਡ ਦੀ ਮੁੜ ਤਸਦੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਐਮ-ਸਟਾਰ (M-Star) ਐਪ ‘ਤੇ ਹਰ ਵਿਦਿਆਰਥੀ ਦੇ ਦੋਵੇਂ ਮਾਪਿਆਂ ਜਾਂ ਸਰਪ੍ਰਸਤਾਂ ਦੇ ਮੋਬਾਈਲ ਨੰਬਰ ਅਤੇ ਪੂਰਾ ਰਿਹਾਇਸ਼ੀ ਪਤਾ 24 ਜੁਲਾਈ ਤੱਕ ਅਪਡੇਟ ਕਰਨਾ ਯਕੀਨੀ ਬਣਾਉਣ।

ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ.), ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨਾਲ ਸਬੰਧਤ ਸਾਰੀ ਜਾਣਕਾਰੀ ਦੀ ਤਸਦੀਕ ਕਰਕੇ ਨਿਰਧਾਰਤ ਸਮੇਂ ਅੰਦਰ ਐਪ ‘ਤੇ ਅਪਲੋਡ ਕੀਤੀ ਜਾਵੇ।

ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਹਰ ਸਰਕਾਰੀ ਸਕੂਲ ਲਈ ਘੱਟੋ-ਘੱਟ ਇੱਕ ਅਧਿਕਾਰਤ ਅਤੇ ਸਰਗਰਮ ਸੋਸ਼ਲ ਮੀਡੀਆ ਖਾਤਾ ਬਣਾਉਣਾ ਵੀ ਲਾਜ਼ਮੀ ਕਰ ਦਿੱਤਾ ਹੈ। ਸਕੂਲ ਐਕਸ (ਪਹਿਲਾਂ ਟਵਿੱਟਰ), ਫੇਸਬੁੱਕ ਜਾਂ ਇੰਸਟਾਗ੍ਰਾਮ ਵਿੱਚੋਂ ਕਿਸੇ ਇੱਕ ਪਲੇਟਫਾਰਮ ‘ਤੇ ਆਪਣਾ ਅਧਿਕਾਰਤ ਖਾਤਾ ਚਲਾਉਣਗੇ। ਜਿਨ੍ਹਾਂ ਸਕੂਲਾਂ ਦੇ ਪਹਿਲਾਂ ਤੋਂ ਸੋਸ਼ਲ ਮੀਡੀਆ ਖਾਤੇ ਹਨ, ਉਹ ਉਨ੍ਹਾਂ ਦਾ ਵੇਰਵਾ ਨਿਰਧਾਰਤ ਵੈੱਬ ਫਾਰਮ ਰਾਹੀਂ ਭੇਜਣਗੇ, ਜਦਕਿ ਜਿਨ੍ਹਾਂ ਕੋਲ ਖਾਤਾ ਨਹੀਂ ਹੈ, ਉਹ 20 ਜੁਲਾਈ ਤੱਕ ਖਾਤਾ ਬਣਾਕੇ ਵਿਭਾਗ ਨੂੰ ਜਾਣਕਾਰੀ ਭੇਜਣਗੇ।

ਵਿਭਾਗ ਨੇ ਸਕੂਲ ਮੁਖੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਦੀਆਂ ਚੰਗੀਆਂ ਪਹਿਲਕਦਮੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ, ਨਵੀਨਤਾਕਾਰੀ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀ (ਐੱਸ.ਐੱਮ.ਸੀ.) ਦੀਆਂ ਸਰਗਰਮੀਆਂ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਦੀ ਜਾਣਕਾਰੀ ਨਿਯਮਿਤ ਤੌਰ ‘ਤੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝੀ ਕੀਤੀ ਜਾਵੇ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਐੱਮ.ਕੇ. ਅਰਵਿੰਦ ਕੁਮਾਰ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਪਣੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ, ਨਿਯਮਿਤ ਨਿਗਰਾਨੀ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਸਾਰੀ ਕਾਰਵਾਈ ਮੁਕੰਮਲ ਕਰਵਾਉਣ ਲਈ ਕਿਹਾ ਗਿਆ ਹੈ।