ਬਿਹਾਰ, ਮੱਧ ਪ੍ਰਦੇਸ਼ ਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ‘ਤੇ 30 ਜੁਲਾਈ ਨੂੰ ਜ਼ਿਮਨੀ ਚੋਣਾਂ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  :- ਚੋਣ ਕਮਿਸ਼ਨ ਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸੀਟਾਂ ਲਈ 30 ਜੁਲਾਈ ਨੂੰ ਵੋਟਾਂ ਪੈਣਗੀਆਂ, ਜਦਕਿ 3 ਅਗਸਤ ਨੂੰ ਨਤੀਜੇ ਐਲਾਨੇ ਜਾਣਗੇ।

ਚੋਣ ਕਮਿਸ਼ਨ ਮੁਤਾਬਕ ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮੰਝਲਪੁਰ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਹੋਵੇਗੀ। ਬਾਂਕੀਪੁਰ ਸੀਟ ਭਾਜਪਾ ਵਿਧਾਇਕ ਨਿਤਿਨ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਹੈ। ਦਤੀਆ ਸੀਟ ਕਾਂਗਰਸ ਵਿਧਾਇਕ ਰਾਜੇਂਦਰ ਭਾਰਤੀ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਯੋਗ ਠਹਿਰਾਏ ਜਾਣ ਕਾਰਨ ਖਾਲੀ ਹੋਈ, ਜਦਕਿ ਮੰਝਲਪੁਰ ਸੀਟ ਭਾਜਪਾ ਵਿਧਾਇਕ ਯੋਗੇਸ਼ਭਾਈ ਪਟੇਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਹੈ।

ਚੋਣ ਪ੍ਰੋਗਰਾਮ ਅਨੁਸਾਰ 6 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 13 ਜੁਲਾਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਹੋਵੇਗੀ, 14 ਜੁਲਾਈ ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ 16 ਜੁਲਾਈ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 30 ਜੁਲਾਈ ਨੂੰ ਵੋਟਿੰਗ ਅਤੇ 3 ਅਗਸਤ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਚੋਣ ਕਮਿਸ਼ਨ ਨੇ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਵਿਧਾਨ ਸਭਾ ਹਲਕੇ ਆਉਂਦੇ ਹਨ, ਉੱਥੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਈਵੀਐਮ ਅਤੇ ਵੀਵੀਪੈਟ (VVPAT) ਰਾਹੀਂ ਵੋਟਿੰਗ ਕਰਵਾਈ ਜਾਵੇਗੀ।

ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਨੂੰ ਟਿਕਟ ਦੇਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਉਮੀਦਵਾਰਾਂ ਦੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਅਖਬਾਰਾਂ, ਟੀਵੀ ਚੈਨਲਾਂ ਅਤੇ ਆਪਣੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਨਤਕ ਕਰਨੀ ਲਾਜ਼ਮੀ ਹੋਵੇਗੀ।