ਮੋਗਾ ਦੇ ਕੋਟਕਪੂਰਾ ਬਾਈਪਾਸ ਨੇੜੇ ਖਾਲੀ ਪਲਾਟ ‘ਚੋਂ ਮਿਲਿਆ ਨਰ ਕੰਕਾਲ, ਪੁਲਿਸ ਜਾਂਚ ‘ਚ ਜੁਟੀ

ਮੋਗਾ (ਅਰਸ਼ਦੀਪ ਸਿੰਘ ਕਾਲੜਾ)  :- ਮੋਗਾ ਦੇ ਕੋਟਕਪੂਰਾ ਬਾਈਪਾਸ ਰੇਲਵੇ ਓਵਰਬ੍ਰਿਜ ਨੇੜੇ ਇੱਕ ਖਾਲੀ ਪਲਾਟ ਵਿੱਚੋਂ ਨਰ ਕੰਕਾਲ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਮਾਜ ਸੇਵਾ ਸੋਸਾਇਟੀ ਦੀ ਮਦਦ ਨਾਲ ਮਨੁੱਖੀ ਅਵਸ਼ੇਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ।

ਪੁਲਿਸ ਮੁਤਾਬਕ, ਇਸੇ ਥਾਂ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਵੀ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ। ਇਸ ਕਾਰਨ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

ਮੌਕੇ ‘ਤੇ ਮੌਜੂਦ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਥਾਨਕ ਲੋਕਾਂ ਵੱਲੋਂ ਖਾਲੀ ਪਲਾਟ ਵਿੱਚ ਮਨੁੱਖੀ ਪਿੰਜਰ ਪਿਆ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਮਾਜ ਸੇਵਾ ਸੋਸਾਇਟੀ ਦੀ ਸਹਾਇਤਾ ਨਾਲ ਅਵਸ਼ੇਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਭੇਜ ਦਿੱਤਾ ਗਿਆ।

ਮੁੱਢਲੀ ਜਾਂਚ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਲਾਸ਼ ਕਰੀਬ 10 ਦਿਨ ਪੁਰਾਣੀ ਹੈ ਅਤੇ ਪੂਰੀ ਤਰ੍ਹਾਂ ਗਲ-ਸੜ ਚੁੱਕੀ ਹੈ। ਮ੍ਰਿਤਕ ਦੀ ਉਮਰ ਲਗਭਗ 24 ਤੋਂ 25 ਸਾਲ ਦੇ ਵਿਚਕਾਰ ਮੰਨੀ ਜਾ ਰਹੀ ਹੈ। ਪੁਲਿਸ ਨੇ ਪਛਾਣ ਲਈ ਅਵਸ਼ੇਸ਼ਾਂ ਨੂੰ 72 ਘੰਟਿਆਂ ਤੱਕ ਮੋਰਚਰੀ ਵਿੱਚ ਸੁਰੱਖਿਅਤ ਰੱਖਿਆ ਹੈ। ਜੇਕਰ ਇਸ ਦੌਰਾਨ ਪਛਾਣ ਨਹੀਂ ਹੋਈ ਤਾਂ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮ੍ਰਿਤਕ ਕੌਣ ਹੈ ਅਤੇ ਉਸ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ।