
Skip to content

ਲੁਧਿਆਣਾ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਦੀ ਨਿੱਕੀ ਕਰਾਟੇ ਖਿਡਾਰਨ ਮਹਿਰੀਨ ਕੌਰ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਈ 25ਵੀਂ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ 18 ਦੇਸ਼ਾਂ ਦੇ ਕਰੀਬ 2,000 ਖਿਡਾਰੀਆਂ ਨੇ ਹਿੱਸਾ ਲਿਆ ਸੀ। ਜਿੱਤ ਤੋਂ ਬਾਅਦ ਜਦੋਂ ਮਹਿਰੀਨ ਆਪਣੇ ਘਰ ਲੁਧਿਆਣਾ ਪਹੁੰਚੀ ਤਾਂ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ।
ਮਹਿਰੀਨ ਦੀ ਇਹ ਸਫਲਤਾ ਕਿਸੇ ਇਤਫ਼ਾਕ ਦਾ ਨਤੀਜਾ ਨਹੀਂ, ਸਗੋਂ ਢਾਈ ਸਾਲਾਂ ਦੀ ਲਗਾਤਾਰ ਸਖ਼ਤ ਮਿਹਨਤ ਦਾ ਫਲ ਹੈ। ਉਸ ਦੀ ਮਾਂ ਸੰਦੀਪ ਕੌਰ ਨੇ ਦੱਸਿਆ ਕਿ ਮਹਿਰੀਨ ਨੇ ਸਿਰਫ਼ ਦੋ ਸਾਲ ਦੀ ਉਮਰ ਤੋਂ ਹੀ ਕਰਾਟੇ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ। ਪਿਛਲੇ ਡੇਢ ਸਾਲ ਤੋਂ ਉਹ ਇੱਕ ਕੋਚ ਦੀ ਦੇਖ-ਰੇਖ ਹੇਠ ਨਿਯਮਿਤ ਸਿਖਲਾਈ ਲੈ ਰਹੀ ਹੈ ਅਤੇ ਇਸ ਦੌਰਾਨ ਕਈ ਸਥਾਨਕ ਪੱਧਰ ਦੇ ਮੁਕਾਬਲਿਆਂ ਵਿੱਚ ਤਗਮੇ ਵੀ ਜਿੱਤ ਚੁੱਕੀ ਹੈ। ਉਸ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਉਸ ਦੀ ਚੋਣ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਕੀਤੀ ਗਈ ਸੀ।
ਮਹਿਰੀਨ ਦੇ ਕੋਚ ਨੇ ਕਿਹਾ ਕਿ ਉਹ ਬੇਹੱਦ ਪ੍ਰਤਿਭਾਸ਼ਾਲੀ ਖਿਡਾਰਨ ਹੈ ਅਤੇ ਇੰਨੀ ਛੋਟੀ ਉਮਰ ਵਿੱਚ 18 ਦੇਸ਼ਾਂ ਦੇ 2,000 ਐਥਲੀਟਾਂ ਵਿਚਕਾਰ ਆਪਣੀ ਕਾਬਲੀਅਤ ਸਾਬਤ ਕਰਨਾ ਵੱਡੀ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮਹਿਰੀਨ ਨੂੰ ਏਸ਼ੀਅਨ ਅਤੇ ਰਾਸ਼ਟਰਮੰਡਲ ਪੱਧਰ ਦੀਆਂ ਕਰਾਟੇ ਚੈਂਪੀਅਨਸ਼ਿਪਾਂ ਲਈ ਤਿਆਰ ਕੀਤਾ ਜਾ ਰਿਹਾ ਹੈ।
ਸੰਦੀਪ ਕੌਰ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਕੁਆਲਾਲੰਪੁਰ ਦੇ ਟਿਟੀਵਾਂਗਸਾ ਇਨਡੋਰ ਸਟੇਡੀਅਮ ਵਿੱਚ ਕਰਵਾਈ ਗਈ ਸੀ, ਜਿਸ ਵਿੱਚ 18 ਦੇਸ਼ਾਂ ਦੇ ਲਗਭਗ 2,000 ਉੱਚ ਪੱਧਰੀ ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਮਹਿਰੀਨ ਇਸ ਮੁਕਾਬਲੇ ਵਿੱਚ ਸਭ ਤੋਂ ਘੱਟ ਉਮਰ ਦੇ ਭਾਗੀਦਾਰਾਂ ਵਿੱਚੋਂ ਇੱਕ ਰਹੀ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।

Related