
Skip to content

ਦੇਸ਼ ਭਰ ‘ਚ 58 ਇੰਜੀਨੀਅਰਿੰਗ ਕਾਲਜ ਬੰਦ, ਪੰਜਾਬ ਦੇ 4 ਸੰਸਥਾਨ ਵੀ ਸ਼ਾਮਲ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਅਨੁਸਾਰ ਅਕਾਦਮਿਕ ਸਾਲ 2025-26 ਦੌਰਾਨ ਦੇਸ਼ ਭਰ ਵਿੱਚ 58 ਇੰਜੀਨੀਅਰਿੰਗ ਅਤੇ ਤਕਨੀਕੀ ਕਾਲਜਾਂ ਨੂੰ ਪੜਾਅਵਾਰ (ਫੇਜ਼ਡ ਕਲੋਜ਼ਰ) ਤਹਿਤ ਬੰਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਇਨ੍ਹਾਂ ਕਾਲਜਾਂ ਵਿੱਚ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਉਹ ਆਪਣੇ ਡਿਗਰੀ ਕੋਰਸ ਪੂਰੇ ਕਰ ਸਕਣਗੇ।
ਏਆਈਸੀਟੀਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੜਾਅਵਾਰ ਬੰਦ ਕਰਨ ਦਾ ਅਰਥ ਹੈ ਕਿ ਸੰਬੰਧਿਤ ਸੰਸਥਾ ਉਸ ਅਕਾਦਮਿਕ ਸਾਲ ਦੌਰਾਨ ਪਹਿਲੇ ਸਾਲ ਵਿੱਚ ਨਵੇਂ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕੇਗੀ। ਪਰ ਪਹਿਲਾਂ ਤੋਂ ਦਾਖਲ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰਹੇਗੀ ਅਤੇ ਉਨ੍ਹਾਂ ਨੂੰ ਆਪਣਾ ਕੋਰਸ ਪੂਰਾ ਕਰਨ ਦੀ ਇਜਾਜ਼ਤ ਹੋਵੇਗੀ।
ਏਆਈਸੀਟੀਈ ਭਾਰਤ ਵਿੱਚ ਤਕਨੀਕੀ ਸਿੱਖਿਆ ਲਈ ਸਿਖਰਲੀ ਨਿਯਾਮਕ ਅਤੇ ਸਲਾਹਕਾਰ ਸੰਸਥਾ ਹੈ, ਜੋ ਇੰਜੀਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ ਅਤੇ ਫਾਰਮੇਸੀ ਵਰਗੇ ਕੋਰਸਾਂ ਦੀ ਨਿਗਰਾਨੀ ਕਰਦੀ ਹੈ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਯਕੀਨੀ ਬਣਾਉਂਦੀ ਹੈ।
ਅੰਕੜਿਆਂ ਮੁਤਾਬਕ, ਸਭ ਤੋਂ ਵੱਧ 12-12 ਕਾਲਜ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਬੰਦ ਹੋਏ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ 8, ਜਦਕਿ ਪੰਜਾਬ ਅਤੇ ਤੇਲੰਗਾਨਾ ਵਿੱਚ 4-4 ਇੰਜੀਨੀਅਰਿੰਗ ਅਤੇ ਤਕਨੀਕੀ ਕਾਲਜ ਪੜਾਅਵਾਰ ਬੰਦ ਕੀਤੇ ਗਏ ਹਨ। ਇਸ ਫੈਸਲੇ ਦੇ ਬਾਵਜੂਦ ਮੌਜੂਦਾ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਡਿਗਰੀ ‘ਤੇ ਕੋਈ ਅਸਰ ਨਹੀਂ ਪਵੇਗਾ।

Related