ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ; 3 ਮਾਸੂਮ ਧੀਆਂ ਗੰਭੀਰ ਜ਼ਖ਼ਮੀ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ)  :- ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ ਫਲਾਈਓਵਰ ਨੇੜੇ ਐਤਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਮਾਸੂਮ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਬਿਲਾਸਪੁਰ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਸ਼ੁਕਲਾ, ਉਸ ਦੀ ਪਤਨੀ ਪ੍ਰਿਯੰਕਾ ਅਤੇ ਮਾਤਾ ਯਵੰਤੀ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸ਼ੁਕਲਾ ਆਪਣੇ ਪਰਿਵਾਰ ਨਾਲ ਸਵਿਫਟ ਕਾਰ ਵਿੱਚ ਬਿਆਸ ਵੱਲ ਜਾ ਰਹੇ ਸਨ। ਜਦੋਂ ਉਹ ਵਿਧੀਪੁਰ ਫਲਾਈਓਵਰ ਨੇੜੇ ਪਹੁੰਚੇ ਤਾਂ ਹਾਈਵੇਅ ‘ਤੇ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਇਨੋਵਾ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਸੁਰਿੰਦਰ ਦੀ ਪਤਨੀ ਪ੍ਰਿਯੰਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰਿੰਦਰ ਨੇ ਇਲਾਜ ਦੌਰਾਨ ਰਾਤ ਕਰੀਬ 8 ਵਜੇ ਦਮ ਤੋੜ ਦਿੱਤਾ, ਜਦਕਿ ਉਸ ਦੀ ਬਜ਼ੁਰਗ ਮਾਤਾ ਯਵੰਤੀ ਦੀ ਵੀ ਉਸੇ ਸਮੇਂ ਮੌਤ ਹੋ ਗਈ। ਕਾਰ ਵਿੱਚ ਸਵਾਰ ਉਨ੍ਹਾਂ ਦੀਆਂ ਤਿੰਨ ਛੋਟੀਆਂ ਧੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਟੱਕਰ ਮਾਰਨ ਤੋਂ ਬਾਅਦ ਇਨੋਵਾ ਚਾਲਕ ਨੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮਦਦ ਮਿਲ ਜਾਂਦੀ ਤਾਂ ਸ਼ਾਇਦ ਜਾਨੀ ਨੁਕਸਾਨ ਘੱਟ ਹੋ ਸਕਦਾ ਸੀ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਇਨੋਵਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਹਾਦਸੇ ਦੇ ਸਹੀ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।