ਫ਼ਰੀਦਕੋਟ(ਵਿਪਨ ਮਿੱਤਲ, ਪਰਬੋਧ ਸ਼ਰਮਾ)- ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਬੀ.ਐੱਸ.ਸੀ ਨਰਸਿੰਗ, ਤੀਸਰਾ ਸਾਲ ਦੀ ਇੱਕ ਵਿਦਿਆਰਥਣ ਜੋ ਕਾਲਜ ਦੇ ਹੀ ਗਰਲਜ਼ ਹੋਸਟਲ ਵਿੱਚ ਰਹਿੰਦੀ ਸੀ ਵੱਲੋਂ ਬੀਤੀ 6 ਫ਼ਰਵਰੀ 2020 ਨੂੰ ਕਮਰੇ ਵਿੱਚ ਲੱਗੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਗੁਰਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਰਦਿਆਲੇਆਣਾ (ਫ਼ਰੀਦਕੋਟ) ’ਤੇ ਧਾਰਾ 306 ਤਹਿਤ ਮੁਕੱਦਮਾ ਨੰਬਰ 326 ਦਰਜ ਕਰ ਲਿਆ ਗਿਆ ਹੈ।

    ਇਸ ਮੁਕੱਦਮੇਂ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਲੜਕੀ ਦੇ ਪਿਤਾ ਪਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜ਼ਿਲਾ ਮੋਗਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਉਕਤ ਨੌਜਵਾਨ ਉਸਦੀ ਲੜਕੀ ਨੂੰ ਲਗਾਤਾਰ ਤੰਗ ਅਤੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਇਸੇ ਨੇ ਉਸਦੀ ਲੜਕੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ।

    ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਭੁਪਿੰਦਰ ਸਿੰਘ ਐੱਸ.ਪੀ (ਆਪ੍ਰੇਸ਼ਨ) ਫ਼ਰੀਦਕੋਟ ਵੱਲੋਂ ਕਰਵਾਉਣ ਉਪ੍ਰੰਤ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਗੁਰਪਿੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।