
Skip to content

ਕਪੂਰਥਲਾ ਦੇ ਚੱਕੋਕੀ ਮੰਡ ਇਲਾਕੇ ਵਿੱਚ ਨੌਜਵਾਨ ‘ਤੇ ਹਮਲਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਚੱਕੋਕੀ ਮੰਡ ਇਲਾਕੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਖੇਤਾਂ ਵਿੱਚੋਂ ਕੰਮ ਕਰਕੇ ਵਾਪਸ ਆ ਰਹੇ ਇੱਕ ਨੌਜਵਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਪੀੜਤ ਜੋਬਨਪ੍ਰੀਤ ਸਿੰਘ, ਵਾਸੀ ਚੱਕੋਕੀ, ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ।
ਜ਼ੇਰੇ ਇਲਾਜ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਖੇਤਾਂ ਤੋਂ ਕੰਮ ਮੁਕਾ ਕੇ ਵਾਪਸ ਆ ਰਿਹਾ ਸੀ। ਉਸਦੇ ਦੋਸਤ ਕਾਰ ਵਿੱਚ ਸਨ ਜਦਕਿ ਉਹ ਖੁਦ ਟਰੈਕਟਰ ਚਲਾ ਰਿਹਾ ਸੀ। ਰਾਏਪੁਰ ਅਰਾਈਆਂ ਨੇੜੇ ਕੁਝ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ਅਤੇ ਗੱਡੀਆਂ ਵਿੱਚ ਆਏ ਅਤੇ ਕਥਿਤ ਤੌਰ ‘ਤੇ ਉਸਦੀ ਗੱਡੀ ਅਤੇ ਟਰੈਕਟਰ ਉੱਤੇ ਹਮਲਾ ਕਰ ਦਿੱਤਾ।
ਪੀੜਤ ਦੇ ਅਨੁਸਾਰ, ਜਦੋਂ ਉਸਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਉਠਾਏ ਜਾ ਰਹੇ ਹਨ।
ਉਧਰ, ਥਾਣਾ ਢਿਲਵਾਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਲੜਾਈ-ਝਗੜੇ ਦੀ ਸੂਚਨਾ ਮਿਲੀ ਸੀ ਅਤੇ ਟੀਮ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਗੋਲੀਆਂ ਚੱਲਣ ਦੀ ਪੁਸ਼ਟੀ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ।
Related