ਸੰਗਰੂਰ: ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਜਲਦ ਹੀ ਨਤੀਜੇ ਜਾਰੀ ਹੋਣ ਦੀ ਸੰਭਾਵਨਾ ਹੈ। ਮਾਲਵਾ ਖੇਤਰ ਦੀ ਸਿਆਸਤ ਦਾ ਮਹੱਤਵਪੂਰਨ ਕੇਂਦਰ ਮੰਨੇ ਜਾਂਦੇ ਜ਼ਿਲ੍ਹਾ ਸੰਗਰੂਰ ਵਿੱਚ ਇਸ ਵਾਰ ਚੋਣਾਂ ਨੇ ਖਾਸ ਰੋਚਕ ਰੂਪ ਧਾਰ ਲਿਆ ਹੈ।

ਪਹਿਲਾਂ ਜਿੱਥੇ ਸੰਗਰੂਰ ਦੀ ਸਿਆਸਤ ‘ਚ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਪ੍ਰਭਾਵ ਮੰਨਿਆ ਜਾਂਦਾ ਸੀ, ਇਸ ਵਾਰ ਉਨ੍ਹਾਂ ਦੀ ਸਿਆਸੀ ਪਕੜ ਨੂੰ ਖੁੱਲ੍ਹੀ ਚੁਣੌਤੀ ਮਿਲਦੀ ਦਿਖਾਈ ਦੇ ਰਹੀ ਹੈ। ਸੰਗਰੂਰ ਵਿਧਾਨ ਸਭਾ ਹਲਕੇ ਵਿੱਚ ਯੂਥ ਕਾਂਗਰਸ ਪ੍ਰਧਾਨਗੀ ਲਈ ਮੁੱਖ ਮੁਕਾਬਲਾ ਗੁਰਸੇਵਕ ਸਿੰਘ ਬੋਪਾਰਾਏ ਅਤੇ ਗੁਰਕਮਲ ਸਿੰਘ ਗਿੱਲ ਵਿਚਕਾਰ ਮੰਨਿਆ ਜਾ ਰਿਹਾ ਹੈ।

ਜਿੱਥੇ ਬੋਪਾਰਾਏ ਨੂੰ ਸਿੰਗਲਾ ਧੜੇ ਦਾ ਸਮਰਥਨ ਹਾਸਲ ਹੈ, ਉੱਥੇ ਹੀ ਪੀਪੀਸੀਸੀ ਡੈਲੀਗੇਟ ਬੀਬੀ ਪ੍ਰਿਤਪਾਲ ਕੌਰ ਬਡਲਾ ਵੱਲੋਂ ਆਪਣੇ ਭਤੀਜੇ ਗੁਰਕਮਲ ਸਿੰਘ ਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਹੋਰ ਉਮੀਦਵਾਰ ਵੀ ਚੋਣ ਲੜ ਰਹੇ ਹਨ, ਪਰ ਮੁੱਖ ਟੱਕਰ ਇਨ੍ਹਾਂ ਦੋਵਾਂ ਵਿਚਾਲੇ ਹੀ ਮੰਨੀ ਜਾ ਰਹੀ ਹੈ।

ਇਸ ਵਾਰ ਚੋਣਾਂ ਵਿੱਚ ਵੱਡੀ ਗੱਲ ਇਹ ਰਹੀ ਕਿ ਮੈਂਬਰਸ਼ਿਪ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪਿਛਲੀਆਂ ਚੋਣਾਂ ਵਿੱਚ ਜਿੱਥੇ ਸਿਰਫ਼ ਹਜ਼ਾਰ–ਪੰਦਰਾਂ ਸੌ ਮੈਂਬਰ ਹੁੰਦੇ ਸਨ, ਇਸ ਵਾਰ ਇਹ ਗਿਣਤੀ ਲਗਭਗ 15 ਹਜ਼ਾਰ ਤੱਕ ਪਹੁੰਚ ਗਈ ਹੈ। ਨਤੀਜੇ ਤੈਅ ਕਰਨ ਲਈ 3 ਤੋਂ 4 ਹਜ਼ਾਰ ਵੋਟਾਂ ਦੀ ਲੋੜ ਮੰਨੀ ਜਾ ਰਹੀ ਹੈ, ਜਿਸ ਕਾਰਨ ਮੁਕਾਬਲਾ ਹੋਰ ਵੀ ਕਾਫ਼ੀ ਕਸਿਆ ਹੋਇਆ ਹੈ।

ਸਿਆਸੀ ਮਾਹਿਰਾਂ ਦੇ ਅਨੁਸਾਰ ਸੰਗਰੂਰ ਵਿਧਾਨ ਸਭਾ ਹਲਕੇ ਦੀ ਇਹ ਚੋਣ ਬਹੁਤ ਹੀ ਨਜ਼ਦੀਕੀ ਫਰਕ ਨਾਲ ਤੈਅ ਹੋ ਸਕਦੀ ਹੈ ਅਤੇ ਇਸ ਦਾ ਅਸਰ ਭਵਿੱਖ ਵਿੱਚ ਸੰਗਰੂਰ ਦੀ ਕਾਂਗਰਸ ਸਿਆਸਤ ‘ਤੇ ਵੀ ਪੈ ਸਕਦਾ ਹੈ।

ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਵੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਿੰਗਲਾ ਧੜੇ ਵੱਲੋਂ ਮਨਜੀਤ ਸਿੰਘ ਭਿੰਡਰਾ, ਕੁਲਜੀਤ ਪੰਨਵਾ ਅਤੇ ਪਿਛਲੇ ਪ੍ਰਧਾਨ ਗੁਰਤੇਗ ਲੌਗੋਵਾਲ ਮੈਦਾਨ ਵਿੱਚ ਹਨ। ਇੱਥੇ ਵੀ ਮੁੱਖ ਟੱਕਰ ਭਿੰਡਰਾ ਅਤੇ ਪੰਨਵਾ ਵਿਚਾਲੇ ਮੰਨੀ ਜਾ ਰਹੀ ਹੈ।

ਕੁੱਲ ਮਿਲਾ ਕੇ ਸੰਗਰੂਰ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਅਤੇ ਨਤੀਜਿਆਂ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।