ਭੂਮੀ ਸ਼ਰਮਾ ਨੇ ਅੰਡਰ-17 ਅਤੇ ਅੰਡਰ-19 ਵਰਗ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਵਧਾਇਆ ਜ਼ਿਲ੍ਹੇ ਦਾ ਮਾਣ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ (FDТTA) ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਚੈਂਪੀਅਨਸ਼ਿਪ-2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿਖੇ ਕਰਵਾਈ ਗਈ ਇਸ ਇੱਕ ਰੋਜ਼ਾ ਚੈਂਪੀਅਨਸ਼ਿਪ ਵਿੱਚ ਸੈਂਕੜੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਖੇਡ ਸਮਾਗਮ ਵਿੱਚ ਅੰਡਰ-11, ਅੰਡਰ-13, ਅੰਡਰ-15, ਅੰਡਰ-17, ਅੰਡਰ-19, ਪੁਰਸ਼ ਅਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨੁ ਸ਼ਰਮਾ ਅਤੇ ਉਪ ਪ੍ਰਧਾਨ ਮਨੀਸ਼ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ।

ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਕਲਾ ਅਤੇ ਬਿਹਤਰੀਨ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜਦਾ ਰਿਹਾ। ਚੈਂਪੀਅਨਸ਼ਿਪ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਸਨਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ।

ਇਸ ਚੈਂਪੀਅਨਸ਼ਿਪ ਦਾ ਮੁੱਖ ਆਕਰਸ਼ਣ ਭੂਮੀ ਸ਼ਰਮਾ ਰਹੀ, ਜਿਸ ਨੇ ਅੰਡਰ-17 ਅਤੇ ਅੰਡਰ-19 ਲੜਕੀਆਂ ਦੇ ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਦੋ ਗੋਲਡ ਮੈਡਲ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਅੰਗਦਵੀਰ ਸਿੰਘ ਨੇ ਅੰਡਰ-11, ਅੰਡਰ-13 ਅਤੇ ਅੰਡਰ-15 ਲੜਕਿਆਂ ਦੇ ਵਰਗਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਅਭਿਨਵ ਬਿੰਦਰਾ ਨੇ ਅੰਡਰ-17 ਅਤੇ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ।

ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ: ਅੰਡਰ-11 ਲੜਕੀਆਂ ਵਿੱਚ ਮਿਰਾਇਆ ਜੇਤੂ ਅਤੇ ਨੰਦਿਨੀ ਪਹਿਲੀ ਰਨਰਅੱਪ ਰਹੀ। ਅੰਡਰ-11 ਲੜਕਿਆਂ ਵਿੱਚ ਅੰਗਦਵੀਰ ਸਿੰਘ ਨੇ ਪਹਿਲਾ, ਕੌਸ਼ਿਕ ਨੇ ਦੂਜਾ ਸਥਾਨ ਹਾਸਲ ਕੀਤਾ।

ਅੰਡਰ-13 ਲੜਕੀਆਂ ਵਿੱਚ ਜਾਨਵੀ ਨੇ ਪਹਿਲਾ ਅਤੇ ਰੂਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-13 ਲੜਕਿਆਂ ਵਿੱਚ ਅੰਗਦਵੀਰ ਸਿੰਘ ਜੇਤੂ ਰਿਹਾ ਅਤੇ ਸੋਮਾਨਿਊ ਨੇ ਦੂਜਾ ਸਥਾਨ ਹਾਸਲ ਕੀਤਾ।

ਅੰਡਰ-15 ਲੜਕੀਆਂ ਵਿੱਚ ਭਵਿਆ ਨੇ ਪਹਿਲਾ ਅਤੇ ਮਾਨ੍ਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-15 ਲੜਕਿਆਂ ਵਿੱਚ ਅੰਗਦਵੀਰ ਸਿੰਘ ਜੇਤੂ ਰਿਹਾ, ਜਦਕਿ ਹਰਸ਼ਿਤਾ ਬਿੰਦਰਾ ਦੂਜੇ ਸਥਾਨ ‘ਤੇ ਰਿਹਾ।

ਅੰਡਰ-17 ਲੜਕੀਆਂ ਵਿੱਚ ਭੂਮੀ ਸ਼ਰਮਾ ਨੇ ਗੋਲਡ ਮੈਡਲ ਜਿੱਤਿਆ ਅਤੇ ਲਿਤਿਕਾ ਦੂਜੇ ਸਥਾਨ ‘ਤੇ ਰਹੀ। ਅੰਡਰ-17 ਲੜਕਿਆਂ ਵਿੱਚ ਅਭਿਨਵ ਬਿੰਦਰਾ ਨੇ ਪਹਿਲਾ ਅਤੇ ਏਰੇਨ ਚੋਪੜਾ ਨੇ ਦੂਜਾ ਸਥਾਨ ਹਾਸਲ ਕੀਤਾ।

ਅੰਡਰ-19 ਲੜਕੀਆਂ ਵਿੱਚ ਭੂਮੀ ਸ਼ਰਮਾ ਨੇ ਇੱਕ ਵਾਰ ਫਿਰ ਜਿੱਤ ਦਰਜ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ, ਜਦਕਿ ਲਿਤਿਕਾ ਦੂਜੇ ਸਥਾਨ ‘ਤੇ ਰਹੀ। ਅੰਡਰ-19 ਲੜਕਿਆਂ ਵਿੱਚ ਅਭਿਨਵ ਬਿੰਦਰਾ ਜੇਤੂ ਅਤੇ ਏਰੇਨ ਚੋਪੜਾ ਦੂਜੇ ਸਥਾਨ ‘ਤੇ ਰਿਹਾ।

ਪੁਰਸ਼ ਸਿੰਗਲਜ਼ ਵਰਗ ਵਿੱਚ ਸੁਨੀਲ ਸਿਕਰੀ ਨੇ ਪਹਿਲਾ, ਅਭਿਨਵ ਬਿੰਦਰਾ ਨੇ ਦੂਜਾ ਅਤੇ ਏਰੇਨ ਚੋਪੜਾ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਵਿੱਚ ਯਸ਼ੀ ਸ਼ਰਮਾ ਨੇ ਪਹਿਲਾ, ਭੂਮੀ ਸ਼ਰਮਾ ਨੇ ਦੂਜਾ ਅਤੇ ਅਨੁ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਡੀ.ਸੀ.ਐੱਮ. ਗਰੁੱਪ ਦੇ ਹੈੱਡ ਸਪੋਰਟਸ ਅਭਿਸ਼ੇਕ ਮਦਾਨ ਤੋਂ ਇਲਾਵਾ ਐਸੋਸੀਏਸ਼ਨ ਦੇ ਸਕੱਤਰ ਰੰਜਨ ਸ਼ਰਮਾ, ਕੈਸ਼ੀਅਰ ਦੇਵ ਰਾਜ ਦੱਤਾ, ਐਡਵੋਕੇਟ ਅਸ਼ਵਨੀ ਸ਼ਰਮਾ, ਅਸ਼ੋਕ ਬਹਿਲ, ਦੀਪਕ ਸ਼ਰਮਾ, ਸੁਨੀਲ ਸ਼ਰਮਾ, ਰੋਹਿਤ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।

ਐਸੋਸੀਏਸ਼ਨ ਵੱਲੋਂ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਖਿਡਾਰੀਆਂ, ਕੋਚਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।