ਕਈ ਸਾਲਾਂ ਬਾਅਦ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੜ ਸ਼ੁਰੂ ਕੀਤੇ ਗਏ ਪੰਜਾਬੀ ਨਾਟਕ ਮੁਕਾਬਲੇ, ਵਿਦਿਆਰਥੀਆਂ ਨੇ ਦਿਖਾਈ ਆਪਣੀ ਕਲਾ ਦੀ ਪ੍ਰਤਿਭਾ

ਫਿਰੋਜ਼ਪੁਰ (ਜਤਿੰਦਰ ਪਿੰਕਲ): ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਦੇਖ-ਰੇਖ ਵਿੱਚ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਸਹਿਯੋਗ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਸ਼ਹਿਰ ਵਿਖੇ ਜ਼ੋਨਲ ਪੱਧਰੀ ਪੰਜਾਬੀ ਨਾਟਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਤਰਨਤਾਰਨ ਅਤੇ ਮੋਗਾ ਜ਼ਿਲ੍ਹਿਆਂ ਦੇ ਵੱਖ-ਵੱਖ ਸਕੂਲਾਂ ਨੇ ਉਤਸ਼ਾਹ ਨਾਲ ਭਾਗ ਲਿਆ। ਖ਼ਾਸ ਗੱਲ ਇਹ ਰਹੀ ਕਿ ਭਾਸ਼ਾ ਵਿਭਾਗ ਵੱਲੋਂ ਕਈ ਸਾਲਾਂ ਦੇ ਵਕਫ਼ੇ ਤੋਂ ਬਾਅਦ ਮੁੜ ਇਹ ਮੁਕਾਬਲੇ ਸ਼ੁਰੂ ਕੀਤੇ ਗਏ ਹਨ।

ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਅਤੇ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਹੋਈ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਚੰਦੇਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਨਾਟਕਾਂ ਦਾ ਪੱਧਰ ਬੇਹੱਦ ਉੱਚਾ ਅਤੇ ਪੇਸ਼ੇਵਰ ਸੀ। ਸਮੁੱਚੇ ਸਮਾਗਮ ਦਾ ਪ੍ਰਬੰਧ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਯੁਵਕ ਮੇਲੇ ਦੀ ਤਰਜ਼ ‘ਤੇ ਕੀਤਾ ਗਿਆ ਸੀ।

ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਅਬੋਹਰ ਦੇ ਨਾਟਕ ‘ਮਿੱਟੀ ਦਾ ਬਾਵਾ’, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਦੇ ਨਾਟਕ ‘ਘਰ ਗੁੰਮ ਹੈ’ ਅਤੇ ਤੀਜਾ ਸਥਾਨ ਐੱਸ.ਐੱਸ. ਪਬਲਿਕ ਸਕੂਲ, ਕੱਸੋਆਣਾ ਦੇ ਨਾਟਕ ‘ਆਪਣਾ ਆਪਣਾ ਹਿੱਸਾ’ ਨੇ ਹਾਸਲ ਕੀਤਾ।

ਨਾਟਕ ‘ਮਿੱਟੀ ਦਾ ਬਾਵਾ’ ਵਿੱਚ ਦੋ ਦੇਸ਼ਾਂ ਦੀ ਸਰਹੱਦ ‘ਤੇ ਤਾਇਨਾਤ ਫ਼ੌਜੀਆਂ ਦੀਆਂ ਭਾਈਚਾਰਕ ਅਤੇ ਸੱਭਿਆਚਾਰਕ ਸਾਂਝਾਂ ਨੂੰ ਬੇਹੱਦ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ‘ਘਰ ਗੁੰਮ ਹੈ’ ਰਾਹੀਂ ਘਰਾਂ ਵਿੱਚ ਧੀਆਂ ਦੇ ਅਦਿੱਖ ਅਤੇ ਸੂਖਮ ਸ਼ੋਸ਼ਣ ਦੀ ਪੀੜ ਨੂੰ ਉਜਾਗਰ ਕੀਤਾ ਗਿਆ, ਜਦਕਿ ‘ਆਪਣਾ ਆਪਣਾ ਹਿੱਸਾ’ ਵਿੱਚ ਆਰਥਿਕ ਕਾਰਨਾਂ ਕਰਕੇ ਖ਼ੂਨ ਦੇ ਰਿਸ਼ਤਿਆਂ ਵਿੱਚ ਪੈਦਾ ਹੋ ਰਹੀਆਂ ਤਰੇੜਾਂ ਅਤੇ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।

ਇਸ ਮੌਕੇ ‘ਸਰਵੋਤਮ ਨਿਰਦੇਸ਼ਕ’ ਦਾ ਖ਼ਿਤਾਬ ‘ਮਿੱਟੀ ਦਾ ਬਾਵਾ’ ਦੇ ਨਿਰਦੇਸ਼ਕ ਦੀਪਕ ਕੰਬੋਜ਼ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’ ਨਾਟਕ ਦੀ ਟੀਮ ਵਿੱਚੋਂ ਅਰਮਾਨਦੀਪ ਕੌਰ ਨੂੰ ‘ਸਰਵੋਤਮ ਅਦਾਕਾਰਾ’ ਐਲਾਨਿਆ ਗਿਆ। ਹੌਸਲਾ-ਵਧਾਊ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਨਾਟਕ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’, ‘ਆਪਣਾ ਆਪਣਾ ਹਿੱਸਾ’ ਦੇ ਅਦਾਕਾਰ ਗੁਰਸ਼ਾਨ ਸਿੰਘ ਅਤੇ ‘ਸਿਰਜਨਾ’ ਦੀ ਅਦਾਕਾਰਾ ਮਾਲਵਿਕਾ ਨੂੰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਸੀ.ਬੀ.ਸੀ.ਸੀ. ਸੈ. ਸਮਾਰਟ ਸਕੂਲ ਦੇ ਨਾਟਕ ‘ਸਿਰਜਨਾ’ ਅਤੇ ਡੀ.ਡੀ.ਬੀ.ਡੀ.ਏ.ਵੀ. ਪਬਲਿਕ ਸਕੂਲ, ਫਿਰੋਜ਼ਪੁਰ ਛਾਉਣੀ ਦੇ ਨਾਟਕ ‘ਪਰਤ ਆਉਣ ਤੱਕ’ ਦੀਆਂ ਪੇਸ਼ਕਾਰੀਆਂ ਵੀ ਸ਼ਲਾਘਾਯੋਗ ਰਹੀਆਂ।

ਮੁਕਾਬਲਿਆਂ ਦਾ ਨਿਰੀਖਣ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਸਰਗਰਮ ਨਾਮਵਰ ਕਲਾਕਾਰਾਂ ਡਾ. ਹਰਪ੍ਰੀਤ ਸਿੰਘ, ਸ੍ਰੀ ਅਮਿਤ ਕੁਮਾਰ ਅਤੇ ਰੰਗ ਹਰਜਿੰਦਰ ਵੱਲੋਂ ਕੀਤਾ ਗਿਆ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਡਾ. ਅਨਿਰੁੱਧ ਗੁਪਤਾ ਨੇ ਭਾਸ਼ਾ ਵਿਭਾਗ ਪੰਜਾਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਰਹਿਨੁਮਾਈ ਹੇਠ ਸਕੂਲੀ ਵਿਦਿਆਰਥੀਆਂ ਨੂੰ ਅਜਿਹੇ ਕਲਾਤਮਿਕ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਦੇਣਾ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇ ਉੱਚ ਕਲਾਤਮਿਕ ਪੱਧਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਲਈ ਲਗਾਤਾਰ ਮਿਹਨਤ, ਇਮਾਨਦਾਰੀ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਭਵਿੱਖ ਵਿੱਚ ਵੀ ਅਜਿਹੇ ਸੁਹਿਰਦ ਉਪਰਾਲਿਆਂ ਨੂੰ ਪੂਰਾ ਸਹਿਯੋਗ ਦਿੰਦਾ ਰਹੇਗਾ।

ਇਸ ਮੌਕੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਕਲਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਗੁਰਨਾਮ ਸਿੰਘ (ਗਾਮਾ ਸਿੱਧੂ), ਸ. ਗੁਰਿੰਦਰ ਸਿੰਘ ਅਤੇ ਜ਼ੈਲਾ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਲਾ ਅਤੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਅਜਿਹੇ ਉਪਰਾਲਿਆਂ ਦੀ ਬੇਹੱਦ ਲੋੜ ਹੈ।

ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਚੰਦੇਲ ਦੀ ਅਗਵਾਈ ਹੇਠ ਜਨਰਲ ਮੈਨੇਜਰ ਮਨਰੀਤ ਸਿੰਘ, ਉਪ-ਜਨਰਲ ਮੈਨੇਜਰ ਗਗਨਦੀਪ ਕੌਰ, ਹੈੱਡ ਮਿਸਟ੍ਰੈੱਸ ਰਾਬੀਆ ਬਜਾਜ, ਐਕਟੀਵਿਟੀ ਕੋਆਰਡੀਨੇਟਰ ਮੈਡਮ ਰੀਟਾ ਅਤੇ ਅਸਟੇਟ ਅਫ਼ਸਰ ਭੁਪਿੰਦਰ ਸਿੰਘ ਦੀ ਟੀਮ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਦੇ ਕਲਰਕ ਸ੍ਰੀ ਚੇਤਨ ਕੁਮਾਰ ਨੂੰ ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਨਿਮਰਤਾ ਨਾਲ ਕੀਤੇ ਜਾ ਰਹੇ ਕਾਰਜਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਦਾ ਮੰਚ ਸੰਚਾਲਨ ਲੇਖਕ ਅਤੇ ਕਲਾਕਾਰ ਡਾ. ਸਤੀਸ਼ ਠੁਕਰਾਲ ਸੋਨੀ ਨੇ ਆਪਣੀ ਵਿਲੱਖਣ, ਦਿਲਚਸਪ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਕੀਤਾ। ਉਨ੍ਹਾਂ ਦੇ ਸੰਚਾਲਨ ਨੇ ਸਮਾਗਮ ਨੂੰ ਲਗਾਤਾਰ ਰੌਣਕਮਈ ਬਣਾਈ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਵ-ਪ੍ਰਕਾਸ਼ਿਤ ਨਾਵਲ ‘ਕਿਸ ਹੱਦ ਤੱਕ’ ਨੂੰ ਮਹਿਮਾਨਾਂ ਵੱਲੋਂ ਲੋਕ ਅਰਪਣ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਕਰਵਾਏ ਗਏ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ’ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਮੀਡੀਆ ਅਤੇ ਲੋਕ ਸੰਪਰਕ ਮੁਖੀ ਵਿਕਰਮ ਦਿੱਤਿਆ ਸ਼ਰਮਾ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ (ਫਰੀਦਕੋਟ), ਖੋਜ ਅਫ਼ਸਰ ਪਰਮਿੰਦਰ ਸਿੰਘ (ਫਾਜ਼ਿਲਕਾ), ਸੀਨੀਅਰ ਸਹਾਇਕ ਨਵਦੀਪ ਸਿੰਘ (ਮੋਗਾ), ਡਾ. ਸੁਰਿੰਦਰ ਕੰਬੋਜ਼, ਦੈਨਿਕ ਜਾਗਰਣ ਤੋਂ ਕਪਿਲ ਸੇਠੀ, ਪ੍ਰੋ. ਹਰਜਿੰਦਰ ਸਿੰਘ, ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਜਟਾਣਾ ਨੇ ਸਮੂਹ ਮਹਿਮਾਨਾਂ, ਭਾਗ ਲੈਣ ਵਾਲੀਆਂ ਟੀਮਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਡਾ. ਅਨਿਰੁੱਧ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ।

ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਵਿੱਚ ਆਪਣੀ ਮਾਂ-ਬੋਲੀ ਅਤੇ ਕਲਾ ਪ੍ਰਤੀ ਰੁਚੀ ਪੈਦਾ ਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਸਾਬਤ ਹੋਇਆ।