ਪਿੰਡ ਨਰਮਾਣਾ ਵਿਖੇ ਵਿਸ਼ਾਲ ਖੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਬੀਬੀ ਪਰਮਜੀਤ ਕੌਰ ਬਾਜਵਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਉਤਸ਼ਾਹ ਨਾਲ ਕੀਤਾ ਖੂਨਦਾਨ, ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਕੀਤਾ ਮੁਫ਼ਤ ਚੈੱਕਅਪ

ਨਾਭਾ (ਅਮਨ ਗਰਗ): ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਦੇ ਆਗੂ ਬੀਬੀ ਪਰਮਜੀਤ ਕੌਰ ਬਾਜਵਾ ਦੀ ਅਗਵਾਈ ਹੇਠ ਨਾਭਾ ਦੇ ਨਜ਼ਦੀਕੀ ਪਿੰਡ ਨਰਮਾਣਾ ਵਿਖੇ ਵਿਸ਼ਾਲ ਖੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਬੀਬੀ ਪਰਮਜੀਤ ਕੌਰ ਬਾਜਵਾ ਦੇ ਨਾਲ ਉਨ੍ਹਾਂ ਦੀ ਸਮੁੱਚੀ ਟੀਮ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ, ਜਿਸ ਵਿੱਚ ਲਖਵਿੰਦਰ ਕੌਰ (ਕ੍ਰਿਕਟ ਕੋਚ, ਸੰਗਰੂਰ), ਕਾਮਨਾ ਜੌਲੀ ਅਤੇ ਸੁਖਜਿੰਦਰ ਸ਼ਰਮਾ ਸ਼ਾਮਲ ਸਨ।

ਪਿੰਡ ਨਰਮਾਣਾ ਵਿਖੇ ਪਹੁੰਚਣ ‘ਤੇ ਪਿੰਡ ਦੇ ਪਤਵੰਤਿਆਂ ਬਾਬਾ ਬਲਬੀਰ ਸਿੰਘ ਨਰਮਾਣਾ, ਬਾਬਾ ਕ੍ਰਿਸ਼ਨ ਸਿੰਘ ਅਤੇ ਸਤਨਾਮ ਸਿੰਘ ਨੰਬਰਦਾਰ (ਪਿੰਡ ਅਬਦੁਲਪੁਰ, ਰਾਜਪੁਰਾ) ਵੱਲੋਂ ਬੀਬੀ ਪਰਮਜੀਤ ਕੌਰ ਬਾਜਵਾ ਅਤੇ ਉਨ੍ਹਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।

ਕੈਂਪ ਦੌਰਾਨ ਇਲਾਕੇ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਪਣੀ ਇੱਛਾ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। ਇਸ ਦੇ ਨਾਲ ਹੀ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਵੀ ਕੀਤੀ ਗਈ।

ਇਸ ਮੌਕੇ ਕ੍ਰਿਕਟ ਕੋਚ ਬੀਬੀ ਲਖਵਿੰਦਰ ਕੌਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜ੍ਹੀ ਦੀ ਭੂਮਿਕਾ ਬੇਹੱਦ ਅਹਿਮ ਹੈ।

ਕੈਂਪ ਨੂੰ ਸਫ਼ਲ ਬਣਾਉਣ ਵਿੱਚ ਗੁਰਪ੍ਰੀਤ ਸਿੰਘ ਬੈਂਸ, ਹਰਪ੍ਰੀਤ ਸਿੰਘ ਲੱਕੀ, ਬਾਬਾ ਜਗਜੀਤ ਸਿੰਘ ਕਕਰਾਲੇ ਵਾਲੇ, ਦਲਜੀਤ ਸਿੰਘ, ਜਥੇਦਾਰ ਰਘਵੀਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਨਰਮਾਣਾ ਅਤੇ ਜਗਰੂਪ ਸਿੰਘ ਨਰਮਾਣਾ ਸਮੇਤ ਕਈ ਪਿੰਡ ਵਾਸੀਆਂ ਨੇ ਅਹਿਮ ਸਹਿਯੋਗ ਦਿੱਤਾ।