ਫਿਰੋਜ਼ਪੁਰ (ਜਤਿੰਦਰ ਪਿੰਕਲ): ਫਿਰੋਜ਼ਪੁਰ ਤੋਂ ਨੇਤਰਹੀਣ ਵਿਅਕਤੀਆਂ ਸੁਖਚੈਨ ਸਿੰਘ, ਨਾਰਾਇਣ ਯਾਦਵ, ਕਰਨਵੀਰ ਅਤੇ ਸੁਖਪਾਲ ਸਿੰਘ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਬੇਰੁਜ਼ਗਾਰ ਨੇਤਰਹੀਣਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨੇਤਰਹੀਣ ਵਿਅਕਤੀਆਂ ਲਈ ਰਾਖਵੀਆਂ ਖਾਲੀ ਬੈਕਲਾਗ ਅਸਾਮੀਆਂ ਭਰਨ, ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਵਿੱਤੀ ਸਹਾਇਤਾ ਵਿੱਚ ਵਾਧਾ ਕਰਨ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀ 5 ਅਗਸਤ ਤੋਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਹਨ। ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀ ਪ੍ਰਵਾਨਗੀ ਲਈ ਦਬਾਅ ਬਣਾਉਣ ਵਾਸਤੇ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਵੀ ਕੱਢਿਆ ਗਿਆ।

ਇਸ ਰੋਸ ਮਾਰਚ ਦੀ ਅਗਵਾਈ ਬੇਰੁਜ਼ਗਾਰ ਨੇਤਰਹੀਣ ਸੰਘਰਸ਼ ਮੋਰਚੇ ਦੇ ਪ੍ਰਧਾਨ ਨਿਰਮਲ ਸਿੰਘ ਬਰੜਵਾਲ ਅਤੇ ਉਪ-ਪ੍ਰਧਾਨ ਬਲਜਿੰਦਰ ਸਿੰਘ ਧੂਰੀ ਨੇ ਕੀਤੀ। ਪੁਲਿਸ ਵੱਲੋਂ ਵਿਧਾਨ ਸਭਾ ਵੱਲ ਜਾਣ ਵਾਲੇ ਰਸਤੇ ’ਤੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਨੇਤਰਹੀਣ ਵਿਅਕਤੀਆਂ ਲਈ ਰਾਖਵੀਆਂ 1,754 ਖਾਲੀ ਬੈਕਲਾਗ ਅਸਾਮੀਆਂ ਨੂੰ ਤੁਰੰਤ ਭਰਨਾ, ਨੇਤਰਹੀਣ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ, ਅਧਿਐਨ ਸਮੱਗਰੀ ਅਤੇ ਸਹਾਇਕ ਸਾਧਨ ਮੁਹੱਈਆ ਕਰਵਾਉਣਾ ਅਤੇ ਨੇਤਰਹੀਣ ਵਿਅਕਤੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਜਾਂ ਪੈਨਸ਼ਨ ਵਿੱਚ ਵਾਧਾ ਕਰਨਾ ਸ਼ਾਮਲ ਹੈ।

ਆਗੂਆਂ ਨੇ ਕਿਹਾ ਕਿ 14 ਅਗਸਤ ਨੂੰ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ ਦੌਰਾਨ ਇਹ ਸਾਰੇ ਮੁੱਦੇ ਸਰਕਾਰ ਦੇ ਸਾਹਮਣੇ ਰੱਖੇ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।