Skip to content
ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ, ਦੋ ਸਕੇ ਭਰਾਵਾਂ ’ਤੇ ਲੱਗੇ ਦੋਸ਼
ਵਿਆਹ ਦੇ 9 ਮਹੀਨੇ ਬਾਅਦ ਉੱਜੜਿਆ ਸੁਹਾਗ, ਪਤਨੀ ਦੇ ਹੱਥਾਂ ’ਚ ਅਜੇ ਵੀ ਸੀ ਵਿਆਹ ਦਾ ਲਾਲ ਚੂੜਾ
ਕਪੂਰਥਲਾ (ਅਮਿਤ ਨੱਖਵਾਲ) : ਕਪੂਰਥਲਾ ਦੇ ਮਹਿਤਾਬਗੜ੍ਹ ਮੁਹੱਲੇ ਵਿੱਚ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਘਰ ਦੇ ਬਾਹਰ ਦੋਸਤਾਂ ਨਾਲ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਨੀ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਾਮਲੇ ਵਿੱਚ ਮੁਹੱਲੇ ਦੇ ਹੀ ਰਹਿਣ ਵਾਲੇ ਦੋ ਸਕੇ ਭਰਾਵਾਂ ਕਮਲ ਅਤੇ ਮਨੀ ’ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ।
ਮਿਲੀ ਜਾਣਕਾਰੀ ਅਨੁਸਾਰ ਮਨੀ ਦੇਰ ਸ਼ਾਮ ਆਪਣੇ ਘਰ ਦੇ ਬਾਹਰ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਕਥਿਤ ਤੌਰ ’ਤੇ ਦੋਵੇਂ ਭਰਾ ਆਪਣੇ ਕੁਝ ਸਾਥੀਆਂ ਸਮੇਤ ਉੱਥੇ ਪਹੁੰਚੇ ਅਤੇ ਮਨੀ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਮੁਹੱਲਾ ਵਾਸੀ ਤੁਰੰਤ ਮੌਕੇ ’ਤੇ ਪਹੁੰਚੇ। ਜ਼ਖ਼ਮੀ ਮਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਮ੍ਰਿਤਕ ਦੇ ਨਾਲ ਮੌਜੂਦ ਉਸ ਦੇ ਦੋਸਤ ਮੌਕੇ ਤੋਂ ਚਲੇ ਗਏ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਅਤੇ ਥਾਣਾ ਕੋਤਵਾਲੀ ਦੀਆਂ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸਬ-ਡਿਵੀਜ਼ਨ ਦੇ ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮਨੀ ਆਪਣੇ ਘਰ ਦੇ ਬਾਹਰ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ, ਜਦੋਂ ਕਮਲ ਅਤੇ ਮਨੀ ਨਾਂ ਦੇ ਦੋ ਨੌਜਵਾਨਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੀਆਈਏ ਸਟਾਫ਼ ਅਤੇ ਥਾਣਾ ਸਿਟੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐੱਸਪੀ ਅਨੁਸਾਰ ਮੁਲਜ਼ਮ ਕਮਲ ਖ਼ਿਲਾਫ਼ ਪਹਿਲਾਂ ਵੀ ਆਰਮਜ਼ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮ੍ਰਿਤਕ ਦੀ ਰਿਸ਼ਤੇਦਾਰ ਹਰਜਿੰਦਰ ਕੌਰ ਨੇ ਦੱਸਿਆ ਕਿ ਮਨੀ ਦਾ ਵਿਆਹ ਮਹਿਜ਼ 9 ਮਹੀਨੇ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਦੇ ਹੱਥਾਂ ਤੋਂ ਅਜੇ ਵਿਆਹ ਦਾ ਲਾਲ ਚੂੜਾ ਵੀ ਨਹੀਂ ਉਤਰਿਆ ਸੀ ਕਿ ਇਸ ਮੰਦਭਾਗੀ ਘਟਨਾ ਨੇ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਕਰ ਦਿੱਤਾ। ਨੌਜਵਾਨ ਦੀ ਮੌਤ ਨਾਲ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਰਿਪੋਰਟ : ਅਮਿਤ ਨੱਖਵਾਲ
Related