
Skip to content

ਬਨੂੜ ਬੈਰੀਅਰ ‘ਤੇ ਦੇਰ ਰਾਤ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ; 7-8 ਰਾਊਂਡ ਚੱਲਣ ਦੀ ਚਰਚਾ
ਬਨੂੜ (ਅਰਸ਼ਦੀਪ ਸਿੰਘ ਕਾਲੜਾ) :- ਬਨੂੜ ਬੈਰੀਅਰ ‘ਤੇ ਦੇਰ ਰਾਤ ਕਰੀਬ 12 ਵਜੇ ਫਾਇਰਿੰਗ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਸਕਾਰਪੀਓ ਸਵਾਰ ਇੱਕ ਨੌਜਵਾਨ ਨੇ ਉੱਥੇ ਖੜ੍ਹੇ ਕੁਝ ਨੌਜਵਾਨਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਸਥਾਨਕ ਲੋਕਾਂ ਦੇ ਮੁਤਾਬਕ ਮੌਕੇ ‘ਤੇ 7 ਤੋਂ 8 ਰਾਊਂਡ ਫਾਇਰ ਹੋਏ।
ਫਾਇਰਿੰਗ ਦੌਰਾਨ ਬਨੂੜ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਕਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਸਾਥੀਆਂ ਅਤੇ ਰਾਹਗੀਰਾਂ ਨੇ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਦੇਰ ਰਾਤ ਕੰਮ ਤੋਂ ਵਾਪਸ ਆ ਰਹੇ ਸਨ। ਬਨੂੜ ਬੈਰੀਅਰ ਨੇੜੇ ਆਪਣੇ ਸਾਥੀਆਂ ਨਾਲ ਇੱਕ ਦੁਕਾਨ ਤੋਂ ਸਮਾਨ ਖਰੀਦਦੇ ਸਮੇਂ ਉੱਥੇ ਪਹੁੰਚੇ ਸਕਾਰਪੀਓ ਸਵਾਰ ਨੌਜਵਾਨ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਬਹਿਸ ਤੋਂ ਬਾਅਦ ਸਕਾਰਪੀਓ ਸਵਾਰ ਨੇ ਕਥਿਤ ਤੌਰ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਲਵਪ੍ਰੀਤ ਗੰਭੀਰ ਜ਼ਖ਼ਮੀ ਹੋ ਗਏ।
ਮਾਮਲੇ ਸਬੰਧੀ ਐਸਐਚਓ ਬਨੂੜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁੱਢਲੀ ਜਾਂਚ ਵਿੱਚ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

Related