
Skip to content

ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਨੌਜਵਾਨਾਂ ਦੀ ਮੌਤ, 8 ਸਾਲਾ ਬੱਚਾ ਗੰਭੀਰ
ਖੰਨਾ (ਅਰਸ਼ਦੀਪ ਸਿੰਘ ਕਾਲੜਾ) :- ਲੁਧਿਆਣਾ ਦੇ ਖੰਨਾ ਵਿੱਚ ਜੀਟੀ ਰੋਡ ‘ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਇੱਕ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ 8 ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਅਮਰਦੀਪ ਵਰਮਾ (32) ਅਤੇ ਵਿੱਕੀ (25) ਵਜੋਂ ਹੋਈ ਹੈ। ਜ਼ਖ਼ਮੀ ਬੱਚੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦਨਗਰ ਤੋਂ ਇੱਕ ਪਰਿਵਾਰ ਦੋ ਕਾਰਾਂ ਵਿੱਚ ਸਵਾਰ ਹੋ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਖੰਨਾ ਦੇ ਜੀਟੀ ਰੋਡ ‘ਤੇ ਇੱਕ ਕਾਰ ਦਾ ਟਾਇਰ ਪੰਕਚਰ ਹੋ ਗਿਆ, ਜਿਸ ਕਾਰਨ ਅਮਰਦੀਪ ਵਰਮਾ ਅਤੇ ਵਿੱਕੀ ਸੜਕ ਕਿਨਾਰੇ ਟਾਇਰ ਬਦਲ ਰਹੇ ਸਨ। ਇਸ ਦੌਰਾਨ ਇੱਕ 8 ਸਾਲਾ ਬੱਚਾ ਵੀ ਉਨ੍ਹਾਂ ਦੇ ਕੋਲ ਖੜ੍ਹਾ ਸੀ।
ਇਸੇ ਵੇਲੇ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਅਮਰਦੀਪ ਅਤੇ ਵਿੱਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ (SSF) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਬੱਚੇ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਐਸਐਸਐਫ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਵੀ ਬਹਾਲ ਕਰ ਦਿੱਤੀ।
ਉੱਥੇ ਹੀ, ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਟਰੱਕ ਚਾਲਕ ਦੀ ਭਾਲ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

Related