
Skip to content
ਸ੍ਰੀ ਮੁਕਤਸਰ ਸਾਹਿਬ ( ਵਿਪਨ ਮਿੱਤਲ ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਬੀਤੀ ਤਿੰਨ ਜੂਨ ਨੂੰ ਜਿਲ੍ਹੇ ਦੇ ਸਿਵਲ ਸਰਜਨ ਨਾਲ ਮੁਲਾਕਾਤ ਕੀਤੀ ਗਈ ਸੀ। ਮੁਲਾਕਾਤ ਦੌਰਾਨ ਆਮ ਜਨਤਾ ਦੀ ਸਿਹਤ ਦਾ ਧਿਆਨ ਰੱਖਣ ਲਈ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸੇ ਮੰਗ ਪੱਤਰ ਅਨੁਸਾਰ ਸਿਵਲ ਸਰਜਨ ਨੇ ਉਸੇ ਦਿਨ ਹੀ ਪਿੱਠ ਨੰਬਰ 8256-57 ਮਿਤੀ 03 ਜੂਨ 2025 ਅਨੁਸਾਰ ਐਡਵਾਈਜਰੀ ਜਾਰੀ ਕੀਤੀ ਸੀ। ਜਿਸ ਅਨੁਸਾਰ ਕੱਚੇ ਅਤੇ ਜਿਆਦਾ ਪੱਕੇ ਫਲਾਂ ਨੂੰ ਵੇਚਣ ਤੇ ਰੋਕ ਲਗਾਉਣ ਸਬੰਧੀ, ਫਲ ਅਤੇ ਸਬਜ਼ੀਆਂ ਢਕੇ ਹੋਣ ਬਾਰੇ, ਗੋਲ ਗੱਪਿਆਂ ਅਤੇ ਸ਼ਕੰਜਵੀ ਲਈ ਆਰ.ਓ. ਦਾ ਪਾਣੀ ਵਰਤਣ ਅਤੇ ਹੋਟਲਾਂ ਆਦਿ ਲਈ ਨਿਯਮ ਲਾਗੂ ਕਰਾਉਣ ਸਬੰਧੀ ਲਿਖਿਆ ਗਿਆ ਸੀ। ਇਸੇ ਪੱਤਰ ਦੀ ਕਾਪੀ ਜਿਲ੍ਹਾ ਸਿਹਤ ਅਫਸਰ ਨੂੰ ਭੇਜ ਕੇ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਬਾਰੇ ਵੀ ਹਦਾਇਤ ਕੀਤੀ ਗਈ ਸੀ। ਪੱਤਰ ਦੀ ਕਾਪੀ ਮਿਸ਼ਨ ਨੂੰ ਵੀ ਭੇਜੀ ਗਈ ਸੀ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਿਵਲ ਸਰਜਨ ਅਤੇ ਸਿਹਤ ਅਫਸਰ ਨਾਲ ਆਉਂਦੀ 25 ਜੂਨ ਬੁੱਧਵਾਰ ਨੂੰ ਸਵੇਰੇ 10:00 ਵਜੇ ਉਨ੍ਹਾਂ ਦੇ ਦਫਤਰ ਵਿਖੇ ਫਾਲੋ ਅੱਪ ਮੀਟਿੰਗ ਕੀਤੀ ਜਾਵੇਗੀ। ਮੁਲਾਕਾਤ ਦੌਰਾਨ ਉਕਤ ਪੱਤਰ ਸਬੰਧੀ ਕੀਤੀ ਗਈ ਕਾਰਵਾਈ ਅਤੇ ਉਕਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਉਠਾਏ ਗਏ ਕਦਮਾਂ ਸਬੰਧੀ ਗੱਲਬਾਤ ਕੀਤੀ ਜਾਵੇਗੀ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਇਸ ਸਬੰਧੀ ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ ਨੂੰ ਉਨ੍ਹਾਂ ਦੇ ਵਟਸਐਪ ਨੰਬਰ ਅਤੇ ਦਫਤਰੀ ਈ-ਮੇਲ ਆਈ ਡੀ ’ਤੇ ਵੀ ਲਿਖਤੀ ਬੇਨਤੀ ਕਰ ਦਿੱਤੀ ਗਈ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਮੁਲਾਕਾਤ ਵਾਲੇ ਦਿਨ ਅਤੇ ਸਮੇਂ ਉਕਤ ਅਧਿਕਾਰੀ ਕਿਸੇ ਕਾਰਨ ਦਫਤਰ ਵਿੱਚ ਮੌਜੂਦ ਨਾ ਰਹਿਣ ਦੀ ਸੂਰਤ ਵਿੱਚ ਕਿਸੇ ਹੋਰ ਸੀਨੀਅਰ ਅਧਿਕਾਰੀ ਨੂੰ ਸਾਰਾ ਰਿਕਾਰਡ ਦੇ ਕੇ ਮੁਲਾਕਾਤ ਲਈ ਅਧਿਕਾਰਤ ਕੀਤਾ ਜਾਵੇ।
Related