ਰੂਸ- ਰੂਸ ਦੇ ਮਾਸਕੋ ‘ਚ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਸਿੱਧੀ 16 ਸਾਲ ਦੇ ਫੁੱਟਬਾਲਰ ਇਵਾਨ ‘ਤੇ ਡਿੱਗ ਗਈ। ਇਸ ਘਟਨਾ ਤੋਂ ਬਾਅਦ ਫੁੱਟਬਾਲਰ ਮੈਦਾਨ ‘ਚ ਹੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਇਵਾਨ ਹੁਣ ਠੀਕ ਹੈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

    ਇਵਾਨ ਐੱਫ.ਸੀ. ਜਨਾਮਿਆ ਤਰੂਡਾ ਦੇ ਗੋਲਕੀਪਰ ਹਨ ਅਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਹ ਗੋਲਪੋਸਟ ਦੇ ਨਜ਼ਦੀਕ ਖੜ੍ਹਾ ਸੀ। ਖਬਰ ਮੁਤਾਬਕ ਇਵਾਨ ਦੀ ਗਲੇ ‘ਚ ਪਾਈ ਚੇਨ ਦੇ ਕਾਰਨ ਉਸ ਦੀ ਜਾਨ ਬਚੀ ਹੈ। ਹਾਲਾਂਕਿ ਫੁੱਟਬਾਲ ਸਟੇਡੀਅਮ ‘ਚ ਮੌਜੂਦ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਉਹ ਜਿਉਂਦੇ ਨਹੀਂ ਬਚੇਗਾ। ਇਸ ਘਟਨਾ ਦੇ ਤੁਰੰਤ ਬਾਅਦ ਕੋਚ ਅਨਟੋਨ ਬਕੋਵ ਗੋਲਕੀਪਰ ਕੋਲ ਭੱਜੇ ਗਏ। ਉਨ੍ਹਾਂ ਨੇ ਇਵਾਨ ਨੂੰ ਦੇਖਿਆ ਤਾਂ ਉਸ ਦੀ ਜਰਸੀ ਸੜੀ ਹੋਈ ਸੀ। ਹਾਲਾਂਕਿ ਹੈਰਾਨੀ ਦੀ ਗੱਲ ਸੀ ਕਿ ਇਵਾਨ ਦੇ ਗਲੇ ‘ਚ ਲਟਕਦੀ ਸੋਨੇ ਦੀ ਚੇਨ ਨੂੰ ਕੁਝ ਨਹੀਂ ਹੋਇਆ ਸੀ। ਉਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ।