
Skip to content

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ): ਅੰਤਰਰਾਸ਼ਟਰੀ ਪੱਧਰ ’ਤੇ ਫੈਲੇ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। AGTF ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਉਪਰੰਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਤੋਂ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਅਨੁਸਾਰ ਕਰਮਵੀਰ ਸਿੰਘ ’ਤੇ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਅਤੇ ਉਸ ਨੂੰ ਲੁਕਣ ਲਈ ਟਿਕਾਣਾ ਦੇਣ ਦੇ ਦੋਸ਼ ਹਨ। ਉਹ ਪੰਜਾਬ ਦੇ ਐਸ.ਏ.ਐਸ. ਨਗਰ ਸਥਿਤ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਵਿੱਚ ਦਰਜ ਇੱਕ ਐਫ.ਆਈ.ਆਰ. ਵਿੱਚ ਲੋੜੀਂਦਾ ਸੀ। ਇਸ ਮਾਮਲੇ ਵਿੱਚ ਆਈ.ਪੀ.ਸੀ., ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੀ AGTF ਵੱਲੋਂ 3 ਸਤੰਬਰ 2026 ਨੂੰ ਕਰਮਵੀਰ ਸਿੰਘ ਖ਼ਿਲਾਫ਼ ਲੁੱਕ ਆਊਟ ਸਰਕੂਲਰ (LOC) ਵੀ ਜਾਰੀ ਕੀਤਾ ਗਿਆ ਸੀ। ਇਸ ਕਾਰਨ ਕੈਨੇਡਾ ਤੋਂ ਭਾਰਤ ਪਹੁੰਚਦੇ ਹੀ ਉਸ ਨੂੰ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਗਿਆ।
ਪੁਲਿਸ ਰਿਕਾਰਡ ਮੁਤਾਬਕ ਕਰਮਵੀਰ ਸਿੰਘ ਦਾ ਅਪਰਾਧਿਕ ਪਿਛੋਕੜ ਵੀ ਰਿਹਾ ਹੈ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ, ਅਸਲਾ ਐਕਟ ਦੀ ਉਲੰਘਣਾ ਸਮੇਤ ਕਈ ਅਪਰਾਧਿਕ ਮਾਮਲਿਆਂ ਨਾਲ ਸਬੰਧ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
AGTF ਵੱਲੋਂ ਹੁਣ ਕਰਮਵੀਰ ਸਿੰਘ ਤੋਂ ਪੁੱਛਗਿੱਛ ਕਰਕੇ ਉਸ ਦੇ ਅਪਰਾਧਿਕ ਨੈੱਟਵਰਕ ਅਤੇ ਗੈਂਗਸਟਰ ਗਤੀਵਿਧੀਆਂ ਨਾਲ ਜੁੜੀਆਂ ਕੜੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਗੈਂਗਸਟਰ ਨੈੱਟਵਰਕ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਵੀ ਸਾਹਮਣੇ ਆ ਸਕਦੀਆਂ ਹਨ।
ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਿਸ ਦਾ ਕਹਿਣਾ ਹੈ ਕਿ ਲੋੜੀਂਦੇ ਅਪਰਾਧੀਆਂ ਨੂੰ ਉਹ ਭਾਵੇਂ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ, ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

Related