
Skip to content

ਮਹਾਰਾਸ਼ਟਰ ਦੇ ਸ਼ੈਫਲਰ ਇੰਡੀਆ ਪਲਾਂਟ ਵਿੱਚ CO2 ਗੈਸ ਲੀਕ, 2 ਮੁਲਾਜ਼ਮਾਂ ਦੀ ਮੌਤ, 3 ਗੰਭੀਰ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਮਾਵਲ ਤਾਲੁਕਾ ਅਧੀਨ ਤਲੇਗਾਂਵ MIDC ਦੇ ਨਵਲਾਖ ਉੰਬਰੇ ਇਲਾਕੇ ਵਿੱਚ ਸਥਿਤ Schaeffler India ਦੇ ਪਲਾਂਟ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕਾਰਬਨ ਡਾਈਆਕਸਾਈਡ (CO2) ਗੈਸ ਦੇ ਅਚਾਨਕ ਲੀਕ ਹੋਣ ਕਾਰਨ ਦੋ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਮੁਲਾਜ਼ਮ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ।
ਸ਼ੁਰੂਆਤੀ ਜਾਣਕਾਰੀ ਵਿੱਚ ਇਸ ਘਟਨਾ ਨੂੰ ਗੈਸ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਸੀ, ਪਰ ਪ੍ਰਸ਼ਾਸਨਿਕ ਜਾਂਚ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਹਾਦਸਾ ਗੈਸ ਲੀਕ ਹੋਣ ਕਾਰਨ ਵਾਪਰਿਆ। ਮ੍ਰਿਤਕਾਂ ਦੀ ਪਛਾਣ ਗਣੇਸ਼ ਉੰਬਰੇ ਅਤੇ ਵੈਭਵ ਥੋਰਾਨ ਵਜੋਂ ਹੋਈ ਹੈ, ਜਿਨ੍ਹਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।
ਹਾਦਸੇ ਵਿੱਚ ਸ਼੍ਰੀਕ੍ਰਿਸ਼ਨ ਸਾਹੂ, ਗੌਰੀਸ਼ੰਕਰ ਸ਼ਰਮਾ ਅਤੇ ਨਰਸਿੰਘ ਪਾਟਿਲ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਤਿੰਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਆਈਸੀਯੂ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕੰਪਨੀ ਪ੍ਰਬੰਧਨ, MIDC ਸੁਰੱਖਿਆ ਟੀਮ, ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਏ। ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕੇ ਨੂੰ ਤੁਰੰਤ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗੈਸ ਲੀਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਨਿਯੰਤਰਣ ਹੇਠ ਹਨ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਗੈਸ ਲੀਕ ਤਕਨੀਕੀ ਖ਼ਰਾਬੀ ਕਾਰਨ ਹੋਈ ਜਾਂ ਫਿਰ ਇਸ ਦੇ ਪਿੱਛੇ ਕਿਸੇ ਕਿਸਮ ਦੀ ਮਨੁੱਖੀ ਲਾਪਰਵਾਹੀ ਜ਼ਿੰਮੇਵਾਰ ਸੀ।
Related