
Skip to content

ਚੰਡੀਗੜ੍ਹ/ਅਮਿਤ ਨਖਵਾਲ: ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਵਿੱਚ ਵੱਡੀ ਫੁੱਟ ਸਾਹਮਣੇ ਆਈ ਹੈ। ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਸਮੇਤ ਕਰੀਬ 15 ਆਗੂਆਂ ਨੇ ਬਗਾਵਤ ਕਰਦੇ ਹੋਏ ਵੱਖਰਾ ਧੜਾ ਬਣਾਉਣ ਦਾ ਐਲਾਨ ਕੀਤਾ ਹੈ। ਬਾਗੀ ਧੜੇ ਨੇ ਨਵੇਂ ਪੰਥਕ ਸਿਆਸੀ ਗਠਜੋੜ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਸੂਤਰਾਂ ਮੁਤਾਬਕ, ਬਗਾਵਤ ਕਰਨ ਵਾਲੇ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਮਿਲ ਕੇ ਸਾਂਝਾ ਪੰਥਕ ਮੰਚ ਖੜ੍ਹਾ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ। ਇਸ ਸਬੰਧੀ ਹੋਈ ਬੈਠਕ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਲੰਬੇ ਵਿਚਾਰ-ਵਟਾਂਦਰੇ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਸਥਾਪਤ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨਾ ਹੈ ਤਾਂ ਸਾਰੀਆਂ ਪੰਥਕ ਤਾਕਤਾਂ ਨੂੰ ਇੱਕ ਮੰਚ ‘ਤੇ ਇਕੱਠਾ ਹੋਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੰਚ ਕਿਸੇ ਨਿੱਜੀ ਜਾਂ ਰਾਜਨੀਤਿਕ ਲਾਭ ਲਈ ਨਹੀਂ, ਸਗੋਂ ਸਿਰਫ਼ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਪੰਥਕ ਵਿਚਾਰਧਾਰਾ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਇਸ ਯਤਨ ਦਾ ਹਿੱਸਾ ਬਣਨ, ਤਾਂ ਜੋ ਅਕਾਲੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਕਿ ਇਸ ਸਾਂਝੇ ਮੰਚ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਥਕ ਸੋਚ ਅਤੇ ਬੀਬੀ ਪਰਮਜੀਤ ਕੌਰ ਸਮੇਤ ਧਾਰਮਿਕ ਰਵਾਇਤਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।
ਬਾਗੀ ਧੜੇ ਨੇ ਸਪੱਸ਼ਟ ਕੀਤਾ ਕਿ ਇਸ ਪਹਿਲ ਪਿੱਛੇ ਕੋਈ ਨਿੱਜੀ ਸਿਆਸੀ ਮਕਸਦ ਜਾਂ ਅਹੁਦੇ ਦੀ ਲਾਲਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਟੀਚਾ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਦੇ ਹਿੱਤਾਂ ਲਈ ਸਾਂਝੀ ਲੀਡਰਸ਼ਿਪ ਤਿਆਰ ਕਰਨਾ ਹੈ।
ਅੰਤ ਵਿੱਚ ਆਗੂਆਂ ਨੇ ਸਾਰੇ ਅਕਾਲੀ ਆਗੂਆਂ, ਵਰਕਰਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਅਤੇ ਵੰਡ ਪੈਦਾ ਕਰਨ ਵਾਲੀਆਂ ਗੱਲਾਂ ਤੋਂ ਦੂਰ ਰਹਿਣ ਅਤੇ ਪੰਥਕ ਏਕਤਾ ਲਈ ਚੱਲ ਰਹੇ ਇਸ ਉਪਰਾਲੇ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
Related