
Skip to content

ਸਕੋਪਜੇ/ਅਮਿਤ ਨਖਵਾਲ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਵਿਦੇਸ਼ ਦੌਰੇ ਦੇ ਤਹਿਤ ਮੰਗਲਵਾਰ ਨੂੰ ਦੋ ਦਿਨਾਂ ਦੌਰੇ ਲਈ ਉੱਤਰੀ ਮੈਸੇਡੋਨੀਆ ਪਹੁੰਚ ਗਈ। ਉਹ ਉੱਤਰੀ ਮੈਸੇਡੋਨੀਆ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਬਣ ਗਈ ਹੈ। ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਅਤੇ ਯੂਰਪੀ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਦੌਰੇ ਦੌਰਾਨ ਰਾਸ਼ਟਰਪਤੀ ਮੁਰਮੂ ਆਪਣੇ ਹਮਰੁਤਬਾ ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਪ੍ਰਧਾਨ ਮੰਤਰੀ ਹਰਿਸਟੀਜਾਨ ਮਿਕੋਸਕੀ, ਸੰਸਦ ਦੇ ਸਪੀਕਰ ਅਫਰੀਮ ਗਾਸ਼ੀ ਨਾਲ ਵੀ ਮੁਲਾਕਾਤ ਕਰਨਗੇ ਅਤੇ ਉੱਤਰੀ ਮੈਸੇਡੋਨੀਆ ਦੀ ਸੰਸਦ ਨੂੰ ਸੰਬੋਧਨ ਵੀ ਕਰਨਗੇ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਾਰਤ-ਉੱਤਰੀ ਮੈਸੇਡੋਨੀਆ ਵਪਾਰ ਫੋਰਮ ਨੂੰ ਵੀ ਸੰਬੋਧਨ ਕਰਨਗੇ। ਦੋਵੇਂ ਦੇਸ਼ ਖੇਤੀਬਾੜੀ, ਫਾਰਮਾਸਿਊਟੀਕਲ, ਵਿਗਿਆਨ ਅਤੇ ਤਕਨਾਲੋਜੀ, ਸੂਚਨਾ ਤਕਨਾਲੋਜੀ ਸਮੇਤ ਕਈ ਤਰਜੀਹੀ ਖੇਤਰਾਂ ਵਿੱਚ ਆਰਥਿਕ ਸਹਿਯੋਗ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਮੁਰਮੂ ਸਕੋਪਜੇ ਸਥਿਤ ਮਦਰ ਟੈਰੇਸਾ ਮੈਮੋਰੀਅਲ ਦਾ ਵੀ ਦੌਰਾ ਕਰਨਗੇ। ਮਦਰ ਟੈਰੇਸਾ ਦਾ ਜਨਮ 26 ਅਗਸਤ 1910 ਨੂੰ ਸਕੋਪਜੇ ਵਿੱਚ ਹੋਇਆ ਸੀ ਅਤੇ ਉਹ 1928 ਤੱਕ ਇੱਥੇ ਰਹੇ। ਬਾਅਦ ਵਿੱਚ ਉਹ ਆਇਰਲੈਂਡ ਵਿੱਚ ਸਿਸਟਰਜ਼ ਆਫ਼ ਲੋਰੇਟੋ ਨਾਲ ਜੁੜੇ ਅਤੇ ਫਿਰ ਭਾਰਤ ਆ ਕੇ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ। ਮਦਰ ਟੈਰੇਸਾ ਨੂੰ ਸਾਲ 1980 ਵਿੱਚ ਭਾਰਤ ਦੇ ਸਰਵੋਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਤਿੰਨ ਦੇਸ਼ਾਂ ਦੇ ਇਸ ਦੌਰੇ ਦੇ ਆਖਰੀ ਪੜਾਅ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ 23 ਤੋਂ 25 ਜੁਲਾਈ ਤੱਕ ਰਾਸ਼ਟਰਪਤੀ ਨਿਕੁਸ਼ੋਰ ਡੈਨ ਦੇ ਸੱਦੇ ‘ਤੇ ਰੋਮਾਨੀਆ ਦਾ ਦੌਰਾ ਕਰਨਗੇ। ਇਹ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦਾ ਰੋਮਾਨੀਆ ਦਾ ਪਹਿਲਾ ਦੌਰਾ ਹੋਵੇਗਾ।
ਰਿਪੋਰਟ: ਅਮਿਤ ਨਖਵਾਲ
Related