
Skip to content

ਨੂਰਮਹਿਲ(ਅਮਿਤ ਨਖਵਾਲ): ਨੂਰਮਹਿਲ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ 35 ਸਾਲਾ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਜੈ ਚੰਦ, ਵਾਸੀ ਗੁਰੂ ਰਵਿਦਾਸ ਨਗਰ, ਬੂਟਾ ਮੰਡੀ (ਜਲੰਧਰ), ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਭੈਣ ਦਾ ਵਿਆਹ ਸਾਲ 2012 ਵਿੱਚ ਮਾਡਲ ਟਾਊਨ ਨੂਰਮਹਿਲ ਦੇ ਰਹਿਣ ਵਾਲੇ ਬਲਵਿੰਦਰ ਕੁਮਾਰ ਨਾਲ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਦੋ ਬੱਚੇ ਹਨ।
ਜੈ ਚੰਦ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦਾ ਕਹਿਣਾ ਹੈ ਕਿ ਪਤੀ ਬਲਵਿੰਦਰ ਕੁਮਾਰ, ਸਹੁਰਾ ਅਮਰਜੀਤ, ਸੱਸ ਜਗੀਰੋ ਅਤੇ ਨਣਦ ਨੀਲੋ ਵੱਲੋਂ ਅਕਸਰ ਉਸ ਨਾਲ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਰਹਿ ਰਹੀ ਸੀ।
ਪੇਕੇ ਪਰਿਵਾਰ ਦਾ ਦਾਅਵਾ ਹੈ ਕਿ ਰੋਜ਼ਾਨਾ ਦੇ ਕਲੇਸ਼ ਅਤੇ ਕਥਿਤ ਪ੍ਰਤਾੜਨਾ ਤੋਂ ਤੰਗ ਆ ਕੇ ਸਰਬਜੀਤ ਕੌਰ ਨੇ ਘਰ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਦੀ ਸੂਚਨਾ ਮਿਲਣ ‘ਤੇ ਨੂਰਮਹਿਲ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਭਰਾ ਅਤੇ ਪੇਕੇ ਪੱਖ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਰਿਪੋਰਟ: ਅਮਿਤ ਨਖਵਾਲ
Related