
Skip to content

ਅਮਿਤ ਨਖਵਾਲ/ਮਮਦੋਟ, 21 ਜੁਲਾਈ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਦੇ 32 ਸਾਲਾ ਫੌਜੀ ਜਵਾਨ ਹਰਮੇਸ਼ ਸਿੰਘ ਦੀ ਪੱਛਮੀ ਬੰਗਾਲ ਦੇ ਪਾਨਾਗੜ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਫੌਜੀ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ ਕਰੀਬ 11 ਵਜੇ ਡਿਊਟੀ ਦੌਰਾਨ ਹਰਮੇਸ਼ ਸਿੰਘ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ। ਸਾਥੀ ਫੌਜੀਆਂ ਨੇ ਉਨ੍ਹਾਂ ਨੂੰ ਤੁਰੰਤ ਪਾਨਾਗੜ ਦੇ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ 19 ਜੁਲਾਈ ਨੂੰ ਰਾਤ ਕਰੀਬ 8 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਪਰਿਵਾਰਕ ਜਾਣਕਾਰੀ ਅਨੁਸਾਰ ਹਰਮੇਸ਼ ਸਿੰਘ ਬੀਤੇ ਮਾਰਚ ਮਹੀਨੇ ਆਪਣੇ ਜੱਦੀ ਪਿੰਡ ਰਾਉਕੇ ਹਿਠਾੜ ਵਿਖੇ ਛੁੱਟੀ ਬਿਤਾਉਣ ਤੋਂ ਬਾਅਦ ਮੁੜ ਡਿਊਟੀ ‘ਤੇ ਪਰਤੇ ਸਨ। ਉਹ ਲਗਭਗ 12 ਸਾਲ ਪਹਿਲਾਂ ਭਾਰਤੀ ਫੌਜ ਦੀ 2 ਸਿਖਲਾਈ ਯੂਨਿਟ ਵਿੱਚ ਭਰਤੀ ਹੋਏ ਸਨ ਅਤੇ ਪੂਰੀ ਨਿਭਾਅ ਨਾਲ ਦੇਸ਼ ਦੀ ਸੇਵਾ ਕਰ ਰਹੇ ਸਨ।
ਮ੍ਰਿਤਕ ਆਪਣੇ ਪਿੱਛੇ ਪਤਨੀ ਸੀਮਾ ਰਾਣੀ, 4 ਸਾਲਾ ਪੁੱਤਰ ਸਿਮਰਨਪ੍ਰੀਤ ਸਿੰਘ, 3 ਸਾਲਾ ਧੀ ਸ਼ਹਿਨਸ਼ਾਹ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਨੌਜਵਾਨ ਫੌਜੀ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਅਤੇ ਇਲਾਕੇ ਵਿੱਚ ਵੀ ਗਮ ਦਾ ਮਾਹੌਲ ਹੈ।
ਫੌਜੀ ਜਵਾਨ ਹਰਮੇਸ਼ ਸਿੰਘ ਦੀ ਪਾਰਥਿਵ ਦੇਹ 21 ਜੁਲਾਈ ਨੂੰ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਰਾਉਕੇ ਹਿਠਾੜ (ਮਮਦੋਟ), ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇਗੀ। ਇਸ ਉਪਰੰਤ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਦੇਸ਼ ਦੇ ਇਸ ਸਪੂਤ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।
Related