
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ, ਬਸਤੀ ਸ਼ੇਖ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ਅੱਜ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜਦਕਿ ਸੁੰਦਰ ਢੰਗ ਨਾਲ ਸਜੀ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਸੀ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਲਾਕੇ ਦੀਆਂ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਜ਼ਰਿਆ। ਰਸਤੇ ਭਰ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਬੀਬੀਆਂ, ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਗੁਰੂ ਜਸ ਦਾ ਕੀਰਤਨ ਸੁਣਦੇ ਹੋਏ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਨਗਰ ਕੀਰਤਨ ਦੌਰਾਨ ਥਾਂ-ਥਾਂ ‘ਤੇ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ, ਚਾਹ-ਪਕੌੜਿਆਂ, ਫਲਾਂ ਅਤੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਲਗਾਈਆਂ ਗਈਆਂ। ਸੇਵਾ ਭਾਵਨਾ ਨਾਲ ਭਰਪੂਰ ਸੰਗਤਾਂ ਨੇ ਆਉਣ ਵਾਲੇ ਹਰ ਸ਼ਰਧਾਲੂ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਗੱਤਕਾ ਦਲਾਂ ਵੱਲੋਂ ਗੁਰਸਿੱਖੀ ਸ਼ਸਤਰ ਵਿਦਿਆ ਦੇ ਸ਼ਾਨਦਾਰ ਜੌਹਰ ਵਿਖਾਏ ਗਏ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਮੀਰੀ-ਪੀਰੀ ਦੀ ਪਰੰਪਰਾ ਨਾਲ ਜੋੜਿਆ। ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਨਾਮ ਸਿਮਰਨ ਅਤੇ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ।
ਨਗਰ ਕੀਰਤਨ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਨਜੀਤ ਸਿੰਘ ਟੀਟੂ (ਕੌਂਸਲਰ), ਹਰਜੀਤ ਸਿੰਘ ਬਾਬਾ, ਅਮਰਜੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਤਰਲੋਚਨ ਸਿੰਘ ਛਾਬੜਾ, ਪ੍ਰੀਤਪਾਲ ਸਿੰਘ ਲੱਕੀ, ਗਗਨਦੀਪ ਸਿੰਘ ਨਾਰੰਗ, ਗੁਰਸਿਦਕ ਸਿੰਘ, ਸੁਖਜਿੰਦਰ ਸਿੰਘ ਅੱਲਗ, ਗੁਰਸ਼ਰਨ ਸਿੰਘ ਸ਼ੰਨੂ, ਮਾਸਟਰ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਕੁਲਵੰਤ ਸਿੰਘ ਕੋਚਰ, ਜਸਪ੍ਰੀਤ ਸਿੰਘ ਹਨੀ, ਅਮਰਜੀਤ ਸਿੰਘ ਮਿੱਠੂ, ਅਰਸ਼ਦੀਪ ਸਿੰਘ ਕਾਲੜਾ, ਰਮਨਪ੍ਰੀਤ ਸਿੰਘ ਕਾਲੜਾ, ਅੰਸ਼ਦੀਪ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।
ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਆਉਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Related