
Skip to content

ਭਾਨੂਪਾਲੀ-ਬਿਲਾਸਪੁਰ-ਬੇਰੀ ਨਵੀਂ ਰੇਲਵੇ ਲਾਈਨ ਲਈ ਜ਼ਮੀਨ ਪ੍ਰਾਪਤੀ ਦਾ ਨੋਟੀਫਿਕੇਸ਼ਨ ਜਾਰੀ, 60 ਦਿਨਾਂ ਵਿੱਚ ਮੰਗੇ ਇਤਰਾਜ਼
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਸਰਕਾਰ ਨੇ ਭਾਨੂਪਾਲੀ ਤੋਂ ਬਿਲਾਸਪੁਰ-ਬੇਰੀ ਤੱਕ ਬਣਨ ਵਾਲੀ ਨਵੀਂ ਬ੍ਰੌਡ ਗੇਜ (ਬੀਜੀ) ਰੇਲਵੇ ਲਾਈਨ ਲਈ ਜ਼ਮੀਨ ਪ੍ਰਾਪਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਪ੍ਰੋਜੈਕਟ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਖੇਤਰ ਦੇ ਵਿਕਾਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਨੋਟੀਫਿਕੇਸ਼ਨ ਅਨੁਸਾਰ ਰੂਪਨਗਰ (ਰੋਪੜ) ਜ਼ਿਲ੍ਹੇ ਦੀ ਨੰਗਲ ਤਹਿਸੀਲ ਦੇ ਤਿੰਨ ਪਿੰਡਾਂ ਵਿੱਚ ਕੁੱਲ 11 ਕਨਾਲ 1 ਮਰਲਾ (ਲਗਭਗ 1.38 ਏਕੜ) ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਵਿੱਚ ਭਾਨੂਪਾਲੀ ਪਿੰਡ ਤੋਂ 7 ਕਨਾਲ 11 ਮਰਲਾ, ਨੰਗਲੀ ਤੋਂ 2 ਕਨਾਲ 2 ਮਰਲਾ ਅਤੇ ਜਿੰਦਵਾੜੀ ਤੋਂ 1 ਕਨਾਲ 8 ਮਰਲਾ ਜ਼ਮੀਨ ਸ਼ਾਮਲ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਬਾਅਦ ਇਸ ਜ਼ਮੀਨ ਦੀ ਵਿਕਰੀ, ਤਬਾਦਲਾ ਜਾਂ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਜ਼ਿਲ੍ਹਾ ਕੁਲੈਕਟਰ ਦੀ ਪੂਰਵ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤਾ ਜਾ ਸਕੇਗਾ। ਇਸ ਸਬੰਧੀ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।
ਜੇਕਰ ਕਿਸੇ ਜ਼ਮੀਨ ਮਾਲਕ ਜਾਂ ਹੋਰ ਪ੍ਰਭਾਵਿਤ ਵਿਅਕਤੀ ਨੂੰ ਇਸ ਜ਼ਮੀਨ ਪ੍ਰਾਪਤੀ ‘ਤੇ ਕੋਈ ਇਤਰਾਜ਼ ਹੈ, ਤਾਂ ਉਹ ਨੋਟੀਫਿਕੇਸ਼ਨ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ ਐਸਡੀਐਮ-ਕਮ-ਜ਼ਮੀਨ ਪ੍ਰਾਪਤੀ ਕੁਲੈਕਟਰ, ਨੰਗਲ ਕੋਲ ਆਪਣਾ ਲਿਖਤੀ ਇਤਰਾਜ਼ ਦਰਜ ਕਰਵਾ ਸਕਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਭਾਨੂਪਾਲੀ-ਬਿਲਾਸਪੁਰ-ਬੇਰੀ ਰੇਲਵੇ ਲਾਈਨ ਦਾ ਨਿਰਮਾਣ ਮੁਕੰਮਲ ਹੋਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ ਅਤੇ ਆਵਾਜਾਈ ਦੇ ਨਾਲ-ਨਾਲ ਖੇਤਰੀ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ।

Related