ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ) : ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੋਹਾਲੀ ਵਿੱਚ ਵੱਡੇ ਪੱਧਰ ’ਤੇ ਜ਼ਮੀਨ ਐਕੁਆਇਰ ਕਰਨ ਦੀ ਕਵਾਇਦ ਨੂੰ ਇਕੋ ਦਿਨ ਦੋ ਝਟਕੇ ਲੱਗੇ ਹਨ। ਸੈਕਟਰ 87 ਦੇ ਵਪਾਰਕ ਖੇਤਰ ਦੇ ਵਿਸਥਾਰ ਲਈ ਸੋਹਾਣਾ, ਮਾਣਕਮਾਜਰਾ, ਨਾਨੂਮਾਜਰਾ ਅਤੇ ਸੰਭਾਲਕੀ ਦੀ 196.44 ਏਕੜ ਜ਼ਮੀਨ ਦਾ ਐਵਾਰਡ ਸੁਣਾਉਣ ਲਈ 25 ਸਤੰਬਰ ਨੂੰ ਰੱਖਿਆ ਗਿਆ ਪ੍ਰੋਗਰਾਮ ਅਚਾਨਕ ਮੁਲਤਵੀ ਕਰ ਦਿੱਤਾ ਗਿਆ। ਦੂਜੇ ਪਾਸੇ ਸੈਕਟਰ 101 ਵਿੱਚ ਉਦਯੋਗਿਕ ਖੇਤਰ ਦੇ ਵਿਸਥਾਰ ਲਈ ਦੁਰਾਲੀ ਦੀ 129 ਏਕੜ ਜ਼ਮੀਨ ਦੇ ਐਵਾਰਡ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 27 ਅਕਤੂਬਰ ਤੱਕ ਰੋਕ ਲਾ ਦਿੱਤੀ ਹੈ।

ਸੈਕਟਰ 87 ਦੀ ਜ਼ਮੀਨ ਸਬੰਧੀ ਗਮਾਡਾ ਦੇ ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਪਿੰਡਾਂ ਵਿੱਚ ਮੁਨਿਆਦੀ ਕਰਵਾ ਕੇ ਜ਼ਮੀਨ ਮਾਲਕ ਕਿਸਾਨਾਂ ਨੂੰ 25 ਸਤੰਬਰ ਨੂੰ ਸਵੇਰੇ 11 ਵਜੇ ਪੁੱਡਾ ਭਵਨ ਦੀ ਦੂਜੀ ਮੰਜ਼ਿਲ ’ਤੇ ਸਥਿਤ ਕਮੇਟੀ ਹਾਲ ਵਿੱਚ ਪਹੁੰਚਣ ਲਈ ਕਿਹਾ ਗਿਆ ਸੀ। ਇਸ ਸੱਦੇ ’ਤੇ ਸਬੰਧਤ ਕਿਸਾਨ ਨਿਰਧਾਰਤ ਸਮੇਂ ’ਤੇ ਗਮਾਡਾ ਦਫ਼ਤਰ ਪਹੁੰਚ ਗਏ।

ਹਾਲਾਂਕਿ, ਕਿਸਾਨਾਂ ਦੇ ਪਹੁੰਚਣ ਦੇ ਬਾਵਜੂਦ ਭੌਂ ਪ੍ਰਾਪਤੀ ਕੁਲੈਕਟਰ ਸਮੇਤ ਕੋਈ ਵੀ ਸਬੰਧਤ ਅਧਿਕਾਰੀ ਮੌਜੂਦ ਨਹੀਂ ਸੀ। ਸੋਹਾਣਾ ਦੇ ਨੰਬਰਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੇਠਲੇ ਕਰਮਚਾਰੀਆਂ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਐਵਾਰਡ ਸੁਣਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।

ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕੀਤੇ ਜਾਣ ਬਾਰੇ ਪਹਿਲਾਂ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਨਵੀਂ ਤਾਰੀਖ ਬਾਰੇ ਕੋਈ ਫੈਸਲਾ ਦੱਸਿਆ ਗਿਆ। ਕਿਸਾਨਾਂ ਨੇ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਐਲਏਸੀ ਅਤੇ ਹੋਰ ਅਧਿਕਾਰੀ ਦਫ਼ਤਰ ਵਿੱਚ ਮੌਜੂਦ ਨਹੀਂ ਸਨ।

ਇਸ ਤਰ੍ਹਾਂ ਸੈਕਟਰ 87 ਦੀ ਜ਼ਮੀਨ ਸਬੰਧੀ ਐਵਾਰਡ ਦੀ ਕਾਰਵਾਈ ਫਿਲਹਾਲ ਟਲ ਗਈ ਹੈ, ਜਦਕਿ ਸੈਕਟਰ 101 ਦੀ ਦੁਰਾਲੀ ਜ਼ਮੀਨ ਦੇ ਮਾਮਲੇ ਵਿੱਚ ਹਾਈ ਕੋਰਟ ਦੀ ਰੋਕ ਕਾਰਨ ਗਮਾਡਾ ਦੀ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਨੂੰ ਦੂਜਾ ਝਟਕਾ ਲੱਗਿਆ ਹੈ।