ਰਾਵਣ ਦਹਿਨ ਦੇ ਨਾਲ ਨਸ਼ੇ ਦੇ ਦਾਨਵ ਦਾ ਵੀ ਕੀਤਾ ਗਿਆ ਪੁਤਲਾ ਦਹਿਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਰਜਿ. ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਦੀ ਅਗਵਾਈ ਹੇਠ ਗੋਰੀਆ ਕੰਪਲੈਕਸ, ਗੀਤਾ ਕਾਲੋਨੀ, ਕਾਂਸ਼ੀ ਨਗਰ ਰੋਡ ਵਿਖੇ ਪਹਿਲੀ ਵਾਰ ਦੁਸਹਿਰਾ ਮਹੋਤਸਵ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮਹੋਤਸਵ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਸ਼ਾਨਦਾਰ ਰਾਵਣ ਦਹਿਨ, ਅੰਮ੍ਰਿਤਸਰੀ ਆਤਿਸ਼ਬਾਜ਼ੀ ਅਤੇ ਧਾਰਮਿਕ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਪੂਰਾ ਇਲਾਕਾ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

                                                   

ਮਹੋਤਸਵ ਦੌਰਾਨ ਮਾਂ ਕਾਲਿਕਾ ਧਾਮ ਮੰਦਰ ਦੇ ਮੁੱਖ ਸੰਚਾਲਕ ਇੰਦਰਦੇਵ ਬਬਲੂ ਪੰਡਿਤ ਅਤੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਰਿੰਕੂ ਨੇ ਵਿਧੀ-ਵਿਧਾਨ ਅਨੁਸਾਰ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ। ਰਾਵਣ ਦਹਿਨ ਦੇ ਨਾਲ ਹੀ ਆਕਾਸ਼ ਵਿੱਚ ਰੰਗ-ਬਿਰੰਗੀ ਆਤਿਸ਼ਬਾਜ਼ੀ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ।

ਇਸ ਸਾਲ ਦੇ ਦੁਸਹਿਰਾ ਮਹੋਤਸਵ ਦੀ ਸਭ ਤੋਂ ਖ਼ਾਸ ਗੱਲ ਨਸ਼ੇ ਦੇ ਦਾਨਵ ਦਾ ਪੁਤਲਾ ਦਹਿਨ ਕਰਨਾ ਰਿਹਾ। ਪ੍ਰਬੰਧਕਾਂ ਵੱਲੋਂ ਇਸ ਵਿਸ਼ੇਸ਼ ਉਪਰਾਲੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਦੁਸਹਿਰਾ ਸਿਰਫ਼ ਰਾਵਣ ਦੇ ਪੁਤਲੇ ਨੂੰ ਸਾੜਨ ਦਾ ਤਿਉਹਾਰ ਨਹੀਂ, ਸਗੋਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਵੀ ਪ੍ਰਤੀਕ ਹੈ। ਅੱਜ ਦੇ ਸਮੇਂ ਵਿੱਚ ਨਸ਼ਿਆਂ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ।

ਵੈਸ਼ਨੋ ਧਾਮ ਮੰਦਰ ਤੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ

ਦੁਸਹਿਰਾ ਮਹੋਤਸਵ ਤੋਂ ਪਹਿਲਾਂ ਦੁਪਹਿਰ 3 ਵਜੇ ਵੈਸ਼ਨੋ ਧਾਮ ਮੰਦਰ, ਗ੍ਰੀਨ ਐਵੇਨਿਊ ਤੋਂ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਅਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਸਮਾਜ ਸੇਵਿਕਾ ਤੇਜਿੰਦਰ ਕੌਰ ਨੇ ਰਿਬਨ ਕੱਟ ਕੇ ਕੀਤਾ, ਜਦਕਿ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਦੇ ਚੇਅਰਮੈਨ ਸੁਭਾਸ਼ ਗੋਰੀਆ ਨੇ ਨਾਰੀਅਲ ਤੋੜ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ।

                                                       

ਸ਼ੋਭਾ ਯਾਤਰਾ ਵੈਸ਼ਨੋ ਧਾਮ ਮੰਦਰ, ਗ੍ਰੀਨ ਐਵੇਨਿਊ ਤੋਂ ਸ਼ੁਰੂ ਹੋ ਕੇ ਕਾਲਾ ਸੰਘਾ ਰੋਡ, ਘਾਸ ਮੰਡੀ, ਚੋਪੜਾ ਕਾਲੋਨੀ, ਗੁਰੂ ਨਾਨਕ ਨਗਰ ਅਤੇ ਕਾਂਸ਼ੀ ਨਗਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਗੋਰੀਆ ਕੰਪਲੈਕਸ ਵਿਖੇ ਪਹੁੰਚੀ। ਸ਼ੋਭਾ ਯਾਤਰਾ ਦੌਰਾਨ ਸਜਾਈਆਂ ਗਈਆਂ ਆਕਰਸ਼ਕ ਧਾਰਮਿਕ ਝਾਕੀਆਂ ਨੇ ਰਸਤੇ ਵਿੱਚ ਖੜ੍ਹੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਧਾਰਮਿਕ ਮਾਹੌਲ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਜੈ ਸ਼੍ਰੀ ਰਾਮ ਮਹਾਂਬੀਰ ਕਲੱਬ ਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਜੈ ਸ਼੍ਰੀ ਰਾਮ ਮਹਾਂਬੀਰ ਕਲੱਬ ਵੱਲੋਂ ਗੋਰੀਆ ਕੰਪਲੈਕਸ ਵਿਖੇ ਪਹਿਲੀ ਵਾਰ ਰਾਮਲੀਲਾ ਅਤੇ ਦੁਸਹਿਰੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਕੇ ਧਾਰਮਿਕ ਸਮਾਗਮ ਦੀ ਰੌਣਕ ਵਧਾਈ। ਸਮਾਗਮ ਵਿੱਚ ਜੈ ਸ਼੍ਰੀ ਰਾਮ ਮਹਾਂਬੀਰ ਕਲੱਬ ਦੇ ਸਰਪ੍ਰਸਤ ਸ. ਮਨਜੀਤ ਸਿੰਘ ਟੀਟੂ (ਕੌਂਸਲਰ ਵਾਰਡ ਨੰਬਰ 50 ਅਤੇ ਨਗਰ ਨਿਗਮ ਜਲੰਧਰ ਵਿੱਚ ਵਿਰੋਧੀ ਧਿਰ ਦੇ ਆਗੂ) ਅਤੇ ਸੁਭਾਸ਼ ਗੋਰੀਆ ਵਿਸ਼ੇਸ਼ ਤੌਰ ਰਹੇ।

                                                       

ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਸੁਭਾਸ਼ ਗੋਰੀਆ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੁਸਹਿਰੇ ਦੇ ਇਸ ਪਾਵਨ ਤਿਉਹਾਰ ਦੌਰਾਨ ਇਲਾਕੇ ਵਿੱਚ ਧਾਰਮਿਕ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪਹਿਲੀ ਵਾਰ ਗੋਰੀਆ ਕੰਪਲੈਕਸ ਵਿਖੇ ਰਾਮਲੀਲਾ ਅਤੇ ਦੁਸਹਿਰੇ ਦਾ ਆਯੋਜਨ ਹੋਣ ਕਾਰਨ ਇਲਾਕਾ ਨਿਵਾਸੀਆਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਗਿਆ।

ਇਸ ਸਮਾਗਮ ਵਿੱਚ ਕਲੱਬ ਦੇ ਚੇਅਰਮੈਨ ਅਮਰਪ੍ਰੀਤ ਸਿੰਘ ਰਿੰਕੂ, ਕਲੱਬ ਪ੍ਰਧਾਨ ਸੁਨੀਲ ਸੋਂਧੀ, ਚੀਫ਼ ਐਡੀਟਰ ਰਿੰਕੂ ਮੱਕੜ, ਡਾਇਰੈਕਟਰ ਸੁਮਿਤ ਸ਼ਰਮਾ, ਸੀਨੀਅਰ ਵਾਈਸ ਚੇਅਰਮੈਨ ਜੋਤੀ ਟੰਡਨ, ਵਾਈਸ ਚੇਅਰਮੈਨ ਹਰੀਸ਼ ਕਪੂਰ, ਕੈਸ਼ੀਅਰ ਮੋਹਿਤ ਕੁਮਾਰ , ਜਨਰਲ ਸਕੱਤਰ ਰਵੀ ਬੱਗਾ , ਮੀਡਿਆ ਇੰਚਾਰਜ ਅਮਨ ਲੂਥਰ , ਵਰਿੰਦਰ ਅਰੋੜਾ (ਰਿੰਪਾ), ਵਿਜੇ ਵਰਮਾ, ਸੰਜੀਵ ਮਹਿਤਾ , ਦੀਪਕ ਲੂਥਰ , ਸੁਰਿੰਦਰ ਸਿੰਘ , ਰੋਹਿਤ ਕੁਮਾਰ , ਅਮਿਤ ਅਰੋੜਾ ਅਤੇ ਅਰਸ਼ਦੀਪ ਸਿੰਘ ਕਾਲੜਾ ਸਮੇਤ ਕਲੱਬ ਦੇ ਹੋਰ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਰਹੇ।

ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਉਣ ਦਾ ਸੰਕਲਪ ਲਿਆ।

ਇਸ ਮੌਕੇ ਸਾਬਕਾ ਵਿਧਾਇਕ ਅਤੇ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੁਰਾਲ, ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦੇਵਰਾਜ ਪੱਪੂ ਸਾਈਂ, ਆਮ ਆਦਮੀ ਪਾਰਟੀ ਦੇ ਯੁਵਾ ਆਗੂ ਅਤੁਲ ਭਗਤ, ਏ.ਸੀ.ਪੀ. ਆਤਿਸ਼ ਭਾਟੀਆ, ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੰਜੀਵ ਸੂਰੀ, ਐੱਸ.ਐੱਚ.ਓ. ਸਤਪਾਲ, ਪੰਜਾਬੀ ਕਾਮੇਡੀਅਨ ਸੰਦੀਪ ਪਟਿਲਾ, ਇੰਸਟਾਗ੍ਰਾਮ ਇਨਫਲੂਐਂਸਰ ਵੀਰੇਨ ਲੁਬਾਣਾ, ਕੌਂਸਲਰ ਨਵਦੀਪ ਸ਼ਾਲੂ, ਕੌਂਸਲਰ ਰਾਜ ਕੁਮਾਰ ਰਾਜੂ, ਆਪ ਦੇ ਜ਼ਿਲ੍ਹਾ ਪ੍ਰਮੁੱਖ ਸ਼ੋਭਾ ਭਗਤ, ਅਰੁਣ ਸੰਧਲ, ਰਾਜੀਵ ਭਗਤ ਅਤੇ ਪੰਡਿਤ ਅਰੁਣ ਸ਼ਰਮਾ ਸਮੇਤ ਕਈ ਹੋਰ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ। ਮਹੋਤਸਵ ਵਿੱਚ ਧਾਰਮਿਕ ਸ਼ਰਧਾ, ਸਮਾਜਿਕ ਏਕਤਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦੇਖਣ ਨੂੰ ਮਿਲਿਆ। ਪਹਿਲੀ ਵਾਰ ਕਰਵਾਏ ਗਏ ਇਸ ਦੁਸਹਿਰਾ ਮਹੋਤਸਵ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਜ਼ਾਰਾਂ ਲੋਕਾਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।