ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਭਨੂਰ ਕੌਰ ਨੇ ਹਾਸਲ ਕੀਤਾ ਦੂਜਾ ਸਥਾਨ, 50 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ

ਫ਼ਿਰੋਜ਼ਪੁਰ (ਜਤਿੰਦਰ ਪਿੰਕਲ): ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਪ੍ਰਭਨੂਰ ਕੌਰ ਪੁੱਤਰੀ ਸ. ਅਮਰਜੀਤ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ 50,000 ਰੁਪਏ ਦਾ ਨਕਦ ਇਨਾਮ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ‘ਗੁਰੂ ਕੀ ਰਸੋਈ’ ਸੰਸਥਾ ਵੱਲੋਂ ਕਰਵਾਏ ਗਏ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਭਨੂਰ ਕੌਰ ਨੇ ਆਪਣੀ ਪ੍ਰਤਿਭਾ, ਲਗਨ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ, ਉਸ ਦੇ ਮਾਤਾ-ਪਿਤਾ, ਪਿੰਡ ਕੁੱਲਗੜ੍ਹੀ ਅਤੇ ਸਮੁੱਚੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਪ੍ਰਭਨੂਰ ਕੌਰ ਦੀ ਇਹ ਸਫ਼ਲਤਾ ਗੁਰਬਾਣੀ ਪ੍ਰਤੀ ਉਸ ਦੀ ਸ਼ਰਧਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕਰਕੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦੀ ਮਿਸਾਲ ਪੇਸ਼ ਕੀਤੀ ਹੈ।

ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਮੈਡਮ ਅਤੇ ਸਮੂਹ ਅਧਿਆਪਕਾਂ ਨੇ ਪ੍ਰਭਨੂਰ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫ਼ਲਤਾਵਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਉਂਦੀ ਰਹੇਗੀ।