ਗੁਰਦਾਸਪੁਰ (ਅਰਸ਼ਦੀਪ ਸਿੰਘ ਕਾਲੜਾ)  :- ਜ਼ਿਲ੍ਹੇ ਦੇ ਧਾਰੀਵਾਲ ਨੇੜਲੇ ਪਿੰਡ ਸੋਹਲ ਵਿੱਚ ਦੇਰ ਰਾਤ ਇੱਕ ਐਨਆਰਆਈ ਪਰਿਵਾਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਕੋਠੀ ਦੇ ਪਿਛਲੇ ਪਾਸੇ ਦੀ ਗ੍ਰਿਲ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਦੋ ਮੰਜ਼ਿਲਾ ਕੋਠੀ ਦੇ ਹਰ ਕਮਰੇ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਕਈ ਘੰਟਿਆਂ ਤੱਕ ਖੋਜਬੀਨ ਕਰਦੇ ਰਹੇ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚ ਗਏ। ਪਿੰਡ ਦੇ ਸਰਪੰਚ ਬਲਜੀਤ ਸਿੰਘ ਸੋਨੂ ਸੋਹਲ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਪਹਿਲਾਂ ਕਦੇ ਇੰਨੀ ਵੱਡੀ ਚੋਰੀ ਨਹੀਂ ਹੋਈ। ਉਨ੍ਹਾਂ ਪੁਲਿਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ, ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੀ ਮੰਗ ਕੀਤੀ।

ਘਰ ਦੀ ਦੇਖਭਾਲ ਕਰ ਰਹੇ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰੀ ਵਿੱਚ ਹੋਏ ਅਸਲ ਨੁਕਸਾਨ ਦਾ ਪਤਾ ਪਰਿਵਾਰ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਰਿਵਾਰ ਦੇ ਮੁਖੀ ਆਪਣੀ ਧੀ ਨੂੰ ਮਿਲਣ ਕੈਨੇਡਾ ਗਏ ਸਨ, ਜਿੱਥੇ ਉਨ੍ਹਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਪੁੱਤਰ ਵੀ ਅੰਤਿਮ ਸੰਸਕਾਰ ਲਈ ਆਸਟ੍ਰੇਲੀਆ ਤੋਂ ਕੈਨੇਡਾ ਗਿਆ ਹੋਇਆ ਹੈ। ਇਸੇ ਦੌਰਾਨ ਚੋਰਾਂ ਨੇ ਸੁੰਨੀ ਪਈ ਕੋਠੀ ਨੂੰ ਨਿਸ਼ਾਨਾ ਬਣਾ ਲਿਆ।

ਮੌਕੇ ‘ਤੇ ਪਹੁੰਚੇ ਧਾਰੀਵਾਲ ਥਾਣਾ ਮੁਖੀ (ਐਸਐਚਓ) ਨੇ ਦੱਸਿਆ ਕਿ ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੇ ਹਰ ਪੱਖ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰੀ ਹੋਈ ਨਕਦੀ ਅਤੇ ਕੀਮਤੀ ਸਮਾਨ ਬਾਰੇ ਸਹੀ ਜਾਣਕਾਰੀ ਪਰਿਵਾਰ ਦੇ ਵਾਪਸ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹਾਲਾਂਕਿ ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਚੋਰ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਕੀਮਤੀ ਸਮਾਨ ਲੈ ਕੇ ਫਰਾਰ ਹੋਏ ਹਨ।